ਬਰਾਂਡੇ ਨੂੰ ਅੱਗ ਲੱਗਣ ਨਾਲ 4 ਪਸ਼ੂ ਝੁਲਸੇ
ਪਿੰਡ ਜਾਮਾ ਰੱਖਈਆ ਹਿਠਾੜ ਵਿਖੇ ਪਸ਼ੂਆਂ ਵਾਲੇ ਬਰਾਂਡੇ ਨੂੰ ਅੱਗ ਲੱਗਣ ਨਾਲ 4 ਪਸ਼ੂ ਸੜੇ
Publish Date: Thu, 08 Jan 2026 03:43 PM (IST)
Updated Date: Fri, 09 Jan 2026 04:00 AM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਸਰਹੱਦੀ ਪਿੰਡ ਜਾਮਾ ਰੱਖਈਆ ਹਿਠਾੜ ਵਿਖੇ ਪਸ਼ੂਆ ਵਾਲੇ ਬਰਾਂਡੇ ਨੂੰ ਅੱਗ ਲੱਗਣ ਕਾਰਨ ਬਰਾਂਡੇ ਅੰਦਰ ਪਈ 7 ਟਰਾਲੀਆਂ ਤੂੜੀ, 3 ਮੱਝਾਂ ਦੀ ਮੌਤ ਅਤੇ ਇਕ ਝੋਟੀ ਅੱਗ ਨਾਲ ਝੁਲਸ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧੀ ਪੀੜਤ ਕਿਸਾਨ ਮਜ਼ਦੂਰ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜਾਮਾ ਰੱਖਈਆ ਹਿਠਾੜ ਨੇ ਦੱਸਿਆ ਉਸ ਦੀ ਕੋਈ ਜ਼ਮੀਨ ਜਾਇਦਾਦ ਨਹੀਂ ਹੈ, ਉਹ ਮਿਹਨਤ ਮਜ਼ਦੂਰੀ ਅਤੇ ਪਸ਼ੂਆਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ। ਬੀਤੀ ਰਾਤ 7 ਵਜੇ ਦੇ ਕਰੀਬ ਬਰਾਂਡੇ ਅੰਦਰ 3 ਮੱਝਾਂ ਤੇ 1 ਝੋਟੀ ਅੰਦਰ ਬੰਨ੍ਹ ਕੇ ਸੌਂ ਗਏ ਸੀ, ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਉਸ ਦੀ ਮਾਤਾ ਬਿਮਲਾ ਰਾਣੀ ਬਾਥਰੂਮ ਲਈ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕੀ ਪਸ਼ੂਆਂ ਵਾਲੇ ਬਰਾਂਡੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਉਸ ਦੇ ਬਾਕੀ ਪਰਿਵਾਰਿਕ ਮੈਂਬਰਾਂ ਨੇ ਉੱਠ ਕੇ ਬਰਾਂਡੇ ਅੰਦਰ ਝਾਕ ਕੇ ਦੇਖਿਆ ਤਾਂ ਅੱਗ ਲੱਗਣ ਨਾਲ 4 ਮੱਝਾਂ ਪੂਰੀ ਤਰ੍ਹਾਂ ਝੁਲਸ ਚੁੱਕੀਆਂ ਸੀ, ਜਿਨ੍ਹਾਂ ’ਚ 3 ਮੱਝਾਂ ਦੀ ਮੌਤ ਹੋ ਗਈ ਅਤੇ ਇਕ ਝੋਟੀ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਈ, ਉਸ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ। ਪਸ਼ੂਆਂ ਵਾਲੇ ਬਰਾਂਡੇ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੀੜਤ ਮਜ਼ਦੂਰ ਕਿਸਾਨ ਅਵਤਾਰ ਸਿੰਘ ਨੇ ਦੱਸਿਆ 3 ਮੱਝਾਂ ਦੀ ਮੌਤ ਅਤੇ 7 ਟਰਾਲੀਆਂ ਤੂੜੀ ਅਤੇ ਪਸ਼ੂਆਂ ਵਾਲੇ ਬਰਾਂਡਾ ਅੱਗ ਨਾਲ ਸੜ ਕੇ ਡਿੱਗ ਪਿਆ ਹੈ। ਉਸ ਦਾ ਕੁੱਲ 5 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਪੀੜ੍ਹਤ ਪਰਿਵਾਰ ਇਸ ਸਦਮੇ ਤੋਂ ਉੱਪਰ ਉੱਠ ਸਕੇ।