ਮਰਦਮਸ਼ੁਮਾਰੀ 2027 ਲਈ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 3 ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ
ਮਰਦਮਸ਼ੁਮਾਰੀ 2027 ਲਈ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 3 ਰੋਜ਼ਾ ਟਰੇਨਿੰਗ ਦੀ ਸ਼ੁਰੂਆਤ
Publish Date: Tue, 31 Mar 2026 03:43 PM (IST)
Updated Date: Tue, 31 Mar 2026 03:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮਰਦਮਸ਼ੁਮਾਰੀ 2027 ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਦੀਪਸ਼ਿਖਾ ਸ਼ਰਮਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਮਕਾਨਸੂਚੀਕਰਨ ਤੇ ਮਕਾਨਾਂ ਦੀ ਗਿਣਤੀ ਸਬੰਧੀ 3 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਕਾਰਤਿਕ ਆਰਿਆ ਜ਼ਿਲ੍ਹਾ ਕੋਆਰਡੀਨੇਟਰ ਜਨਗਣਨਾ, ਗੁਰਿੰਦਰ ਸਿੰਘ ਖੋਜ ਅਫ਼ਸਰ, ਤਰਸੇਮ ਲਾਲ ਸਹਾਇਕ ਖੋਜ ਅਫ਼ਸਰ, ਗੁਰਨਾਮ ਸਿੰਘ ਜੇ ਵਾਈ ਪੀ, ਹਰਜਿੰਦਰ ਪਾਲ ਸਟੈਨੋ, ਅੰਕੁਸ਼ ਵਡੇਰਾ ਵਾਈ ਪੀ, ਜ਼ਿਲ੍ਹਾ ਅੰਕੜਾ ਦਫਤਰ ਫਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਫਿਰੋਜ਼ਪੁਰ ਦੇ ਮਾਸਟਰ ਟਰੇਨਰ ਸੁਖਜਿੰਦਰ ਸਿੰਘ ਅਤੇ ਮਲਕੀਤ ਸਿੰਘ ਹਰਾਜ ਵੱਲੋਂ ਮਰਦਮਸ਼ੁਮਾਰੀ ਨਾਲ ਜੁੜੇ ਹਰੇਕ ਪੱਖ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਟਰੇਨਰਾਂ ਵੱਲੋਂ ਮਕਾਨਸੂਚੀਕਰਨ ਦੇ ਤਰੀਕਿਆਂ, ਮਕਾਨਾਂ ਦੀ ਸਹੀ ਪਛਾਣ, ਪਰਿਵਾਰਿਕ ਇਕਾਈਆਂ ਦੀ ਗਿਣਤੀ, ਡਾਟਾ ਇਕੱਠਾ ਕਰਨ ਦੀ ਵਿਧੀ ਅਤੇ ਰਿਕਾਰਡ ਭਰਨ ਦੀ ਪ੍ਰਕਿਰਿਆ ਬਾਰੇ ਸਪੱਸ਼ਟ ਅਤੇ ਆਸਾਨ ਢੰਗ ਨਾਲ ਸਮਝਾਇਆ ਗਿਆ। ਟਰੇਨਿੰਗ ਦੌਰਾਨ ਮੈਦਾਨੀ ਪੱਧਰ ’ਤੇ ਆ ਸਕਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਜਿਵੇਂ ਕਿ ਡਾਟਾ ਇਕੱਠਾ ਕਰਨ ਵਿਚ ਆਉਣ ਵਾਲੀਆਂ ਰੁਕਾਵਟਾਂ, ਲੋਕਾਂ ਨਾਲ ਸੰਚਾਰ ਦੀਆਂ ਚੁਣੌਤੀਆਂ ਅਤੇ ਤਕਨੀਕੀ ਦਿੱਕਤਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਨਵੇਂ ਡਿਜ਼ੀਟਲ ਸਾਧਨਾਂ ਦੀ ਵਰਤੋਂ ਰਾਹੀਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ, ਤੇਜ਼ ਅਤੇ ਪਾਰਦਰਸ਼ੀ ਬਣਾਉਣ ’ਤੇ ਖਾਸ ਧਿਆਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੇ ਸਹੀ ਅਤੇ ਭਰੋਸੇਯੋਗ ਅੰਕੜੇ ਹੀ ਸਰਕਾਰ ਦੀਆਂ ਭਵਿੱਖੀ ਨੀਤੀਆਂ, ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਮਜ਼ਬੂਤ ਅਧਾਰ ਸਾਬਤ ਹੁੰਦੇ ਹਨ। ਅੰਤ ਵਿਚ ਟਰੇਨਿੰਗ ਵਿਚ ਸ਼ਾਮਲ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਅਧੀਨ ਸਟਾਫ਼ ਨੂੰ ਵੀ ਇਸ ਬਾਰੇ ਪੂਰੀ ਤਰ੍ਹਾਂ ਜਾਗਰੂਕ ਕਰਨ ਅਤੇ ਟੀਮ ਵਰਕ ਦੇ ਨਾਲ ਇਸ ਕੰਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ, ਤਾਂ ਜੋ ਮਰਦਮਸ਼ੁਮਾਰੀ 2027 ਬਿਨ੍ਹਾ ਕਿਸੇ ਰੁਕਾਵਟ ਦੇ ਸਫਲਤਾਪੂਰਵਕ ਪੂਰੀ ਕੀਤੀ ਜਾ ਸਕੇ।