ਫਿਰੋਜ਼ਪੁਰ ਮੰਡਲ ਦੇ 31 ਰੇਲਵੇ ਕਰਮਚਾਰੀ ਹੋਏ ਸੇਵਾਮੁਕਤ
ਫਿਰੋਜ਼ਪੁਰ ਮੰਡਲ ਦੇ 31 ਰੇਲਵੇ ਕਰਮਚਾਰੀ ਹੋਏ ਸੇਵਾਮੁਕਤ
Publish Date: Fri, 09 Jan 2026 04:26 PM (IST)
Updated Date: Sat, 10 Jan 2026 04:00 AM (IST)

ਫੋਟੋ ਫਾਈਲ: 09 ਐੱਫਜੈੱਡਆਰ 07 ਡੀਆਰਐੱਮ ਵੱਲੋਂ 11.82 ਕਰੋੜ ਰੁਪਏ ਦੇ ਚੈੱਕ ਭੇਂਟ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਿਚ ਅੱਜ ਇਕ ਵਿਸ਼ੇਸ਼ ਸਮਾਗਮ ਦੌਰਾਨ 31 ਸੇਵਾਮੁਕਤ ਰੇਲ ਕਰਮਚਾਰੀਆਂ ਨੂੰ ਲੱਗਭੱਗ 11.82 ਕਰੋੜ ਰੁਪਏ ਦੀ ਰਾਸ਼ੀ ਦੇ ਸੇਵਾਮੁਕਤੀ ਲਾਭਾਂ ਦਾ ਭੁਗਤਾਨ ਕੀਤਾ ਗਿਆ। ਇਹ ਰਾਸ਼ੀ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵੱਲੋਂ ਕਰਮਚਾਰੀਆਂ ਨੂੰ ਸੌਂਪੀ ਗਈ। ਜ਼ਿਕਰਯੋਗ ਹੈ ਕਿ ਇਹ ਕਰਮਚਾਰੀ 31 ਦਸੰਬਰ 2025 ਨੂੰ ਆਪਣੀ ਸੇਵਾ ਪੂਰੀ ਕਰਕੇ ਸੇਵਾਮੁਕਤ ਹੋਏ ਸਨ। ਸੇਵਾਮੁਕਤੀ ਦੇ ਮੌਕੇ ’ਤੇ ਕਰਮਚਾਰੀਆਂ ਨੂੰ ਕੁੱਲ 6 ਤਰ੍ਹਾਂ ਦੇ ਭੁਗਤਾਨ ਕੀਤੇ ਜਾਂਦੇ ਹਨ, ਜਿਨ੍ਹਾਂ ’ਚ ਪੀਪੀਓ, ਗ੍ਰੈਚੂਟੀ, ਕੰਮਿਊਟੇਸ਼ਨ, ਲੀਵ ਇਨਕੈਸ਼ਮੈਂਟ, ਜੀਆਈਐੱਸ ਅਤੇ ਪੀਐੱਫ ਸ਼ਾਮਲ ਹਨ। ਇਸ ਮੌਕੇ ’ਤੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਸੇਵਾਮੁਕਤ ਹੋਏ ਰੇਲ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵੱਲੋਂ ਰੇਲਵੇ ਵਿਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਸਾਰਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਤੁਹਾਡਾ ਆਉਣ ਵਾਲਾ ਜੀਵਨ ਸਿਹਤਮੰਦ, ਖੁਸ਼ਹਾਲ ਅਤੇ ਖੁਸ਼ੀਆਂ ਭਰਿਆ ਹੋਵੇ। ਉਨ੍ਹਾਂ ਨੇ ਸੇਵਾਮੁਕਤ ਕਰਮਚਾਰੀਆਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਆਪਣੀ ਮਿਹਨਤ ਦੀ ਕਮਾਈ (ਪੇਮੈਂਟ) ਦੀ ਵਰਤੋਂ ਸੋਚ-ਸਮਝ ਕੇ ਕਰਨ ਅਤੇ ਆਪਣੀ ਰੁਚੀ ਅਨੁਸਾਰ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਰੱਖਣ ਤਾਂ ਜੋ ਉਹ ਹਮੇਸ਼ਾ ਸਿਹਤਮੰਦ ਰਹਿ ਸਕਣ। ਇਸ ਮੌਕੇ ਸੀਨੀਅਰ ਮੰਡਲ ਕਾਰਮਿਕ ਅਧਿਕਾਰੀ ਸਾਕਸ਼ੀ ਸਿੰਘ, ਸੀਨੀਅਰ ਮੰਡਲ ਇੰਜੀਨੀਅਰ/ਤਾਲਮੇਲ ਸੁਮਿਤ ਖੁੱਲਰ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਵਿੱਤ ਪ੍ਰਬੰਧਕ ਰਾਹੁਲ ਦੇਵ, ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਅਤੇ ਹੋਰ ਕਈ ਅਧਿਕਾਰੀ ਤੇ ਕਰਮਚਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।