ਫਿਰੋਜ਼ਪੁਰ ਮੰਡਲ ’ਚ ਪਾਰਸਲਾਂ ਦੀ ਚੈਕਿੰਗ ਲਈ 30 ਰੋਜ਼ਾ ਵਿਸ਼ੇਸ਼ ਮੁਹਿੰਮ ਸ਼ੁਰੂ
ਫਿਰੋਜ਼ਪੁਰ ਮੰਡਲ ’ਚ ਪਾਰਸਲਾਂ ਦੀ ਚੈਕਿੰਗ ਲਈ 30 ਰੋਜ਼ਾ ਵਿਸ਼ੇਸ਼ ਮੁਹਿੰਮ
Publish Date: Mon, 02 Mar 2026 04:09 PM (IST)
Updated Date: Mon, 02 Mar 2026 04:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਵਿਚ ਪਾਰਸਲਾਂ ਦੀ ਸਹੀ ਜਾਂਚ ਯਕੀਨੀ ਬਣਾਉਣ ਲਈ ਹਾਲ ਹੀ ਵਿਚ 30 ਦਿਨਾਂ ਦੀ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਮੁਹਿੰਮ ਪਾਰਸਲ ਵਿਭਾਗ ਦੇ ਕਰਮਚਾਰੀਆਂ ਅਤੇ ਰੇਲਵੇ ਸੁਰੱਖਿਆ ਬਲ ਵੱਲੋਂ ਸਾਂਝੇ ਤੌਰ ’ਤੇ ਚਲਾਈ ਗਈ ਸੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਪਾਰਸਲਾਂ ਵਿਚ ਸਾਮਾਨ ਦੀ ਗਲਤ ਜਾਣਕਾਰੀ ਦੇ ਮਾਮਲਿਆਂ ਦੀ ਪਛਾਣ ਕਰਨਾ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨਾ ਸੀ। ਇਸ ਚੈਕਿੰਗ ਦੌਰਾਨ ਅੰਮ੍ਰਿਤਸਰ ਅਤੇ ਲੁਧਿਆਣਾ ਸਟੇਸ਼ਨਾਂ ’ਤੇ ਗਲਤ ਜਾਣਕਾਰੀ ਦੇ ਕੇ ਬੁੱਕ ਕੀਤੇ ਗਏ ਸਾਮਾਨ ਦੇ ਕੁੱਲ 5 ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਵਿਚ ਸਬੰਧਤ ਗਾਹਕਾਂ ਕੋਲੋਂ 2625 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਸੀਨੀਅਰ ਮੰਡਲ ਵਪਾਰਕ ਮੈਨੇਜਰ ਮਨੂ ਗਰਗ ਨੇ ਯਾਤਰੀਆਂ ਅਤੇ ਪਾਰਸਲ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਬੁਕਿੰਗ ਦੇ ਸਮੇਂ ‘ਫਾਰਵਰਡਿੰਗ ਨੋਟ’ ਵਿਚ ਜਿਸ ਸਾਮਾਨ ਦਾ ਜ਼ਿਕਰ ਕੀਤਾ ਗਿਆ ਹੈ, ਉਹੀ ਸਾਮਾਨ ਪਾਰਸਲ ਵਿਚ ਹੋਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਗਲਤ ਜਾਣਕਾਰੀ ਪੇਸ਼ ਕਰਦਾ ਹੈ, ਤਾਂ ਰੇਲਵੇ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।