ਤਾਰਾਂ ਦੀ ਚੰਗਿਆੜੀ ਨਾਲ 30 ਕਿੱਲੇ ਕਣਕ ਸੜ ਕੇ ਸਵਾਹ
ਬਿਜਲੀ ਦੀਆਂ ਤਾਰਾਂ ਤੋਂ ਡਿੱਗੀ ਚੰਗਿਆੜੀ ਨਾਲ 30 ਕਿੱਲੇ ਪੱਕੀ ਕਣਕ ਸੜ ਕੇ ਸਵਾਹ
Publish Date: Sun, 19 Apr 2026 06:38 PM (IST)
Updated Date: Sun, 19 Apr 2026 06:39 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਬੀਤੇ ਦਿਨੀ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਜਿੱਥੇ ਕਿਸਾਨਾਂ ਵੱਲੋਂ ਪੁੱਤਾਂ ਵਾਂਗੂੰ ਪਾਲੀ ਫਸਲ ਵੇਖਦੇ ਹੀ ਵੇਖਦੇ ਸੜਕੇ ਸਵਾਹ ਹੋ ਗਈ। ਕਿਸਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ ਖੇਤਾਂ ਵਿਚ ਕਣਕ ਦੇ ਬੰਨੇ ਵੱਢ ਰਹੇ ਸਨ, ਤੇਜ਼ ਹਵਾ ਚੱਲਣ ਕਾਰਨ ਬਿਜਲੀ ਦੀਆਂ ਤਾਰਾਂ ਵਿਚ ਸਪਾਰਕ ਹੋਣ ਨਾਲ ਚੰਗਿਆੜੀ ਖੇਤ ਵਿਚ ਪੱਕੀ ਕਣਕ ਉੱਪਰ ਡਿੱਗੀ, ਜਿਸ ਨਾਲ ਵੇਖਦੇ ਹੀ ਵੇਖਦੇ ਕਣਕ ਦੀ ਫਸਲ ਨੂੰ ਅੱਗ ਲੱਗ ਗਈ, ਅੱਗ ਇੰਨੀ ਜ਼ਿਆਦਾ ਹੋ ਗਈ ਕੇ ਕੁਝ ਹੀ ਪਲਾਂ ਵਿਚ ਬਹੁਤ ਜ਼ਿਆਦਾ ਏਰੀਆ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਕਿਸਾਨਾਂ ਨੇ ਦੱਸਿਆ ਹੈ ਕਿ ਲਗਭਗ 30 ਏਕੜ ਰਕਬਾ ਕੁਝ ਰਕਬਾ ਪਿੰਡ ਸੂਦਾਂ ਅਤੇ ਕੁਝ ਰਕਬਾ ਪਿੰਡ ਭੂਤੀ ਵਾਲੇ ਦਾ ਪੱਕੀ ਹੋਈ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਇਹ ਸਾਰੀ ਫਸਲ ਛੋਟੇ ਜ਼ਿੰਮੀਦਾਰਾਂ ਦੀ ਸੀ ਜੋ ਕਿ ਦੋ ਦੋ, ਚਾਰ ਚਾਰ ਕਿੱਲਿਆਂ ਵਾਲੇ ਜਿਨ੍ਹਾਂ ਵਿਚ ਮਹਿੰਦਰ ਸਿੰਘ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਪਿਆਰਾ ਸਿੰਘ, ਅਜੈਬ ਸਿੰਘ, ਹੀਰਾ ਸਿੰਘ, ਬਿੰਦਰ ਸਿੰਘ, ਤਰਸੇਮ ਸਿੰਘ, ਸੁਦਾਗਰ ਸਿੰਘ, ਬਹਾਦਰ ਸਿੰਘ ਆਦਿ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਇਸ ਘਟਨਾ ਨਾਲ ਉਹਨਾਂ ਨੂੰ ਆਰਥਿਕ ਤੌਰ ’ਤੇ ਬਹੁਤ ਵੱਡੀ ਸੱਟ ਵੱਜੀ ਹੈ। ਉਨ੍ਹਾਂ ਦੱਸਿਆ ਕਿ ਆੜਤੀਆਂ ਦਾ ਕਰਜ਼ਾ ਅਤੇ ਬਾਜ਼ਾਰਾਂ ਦੀ ਉਧਾਰੀ ਇਸੇ ਕਣਕ ਦੀ ਫਸਲ ਨੂੰ ਵੇਚ ਕੇ ਹੀ ਉਤਾਰੀ ਜਾਣੀ ਸੀ, ਪਰ ਹੁਣ ਉਨ੍ਹਾਂ ਦੀ ਫਸਲ ਸੜ ਕੇ ਸਵਾਹ ਹੋ ਚੁੱਕੀ ਹੈ। ਜਿਸ ਕਾਰਨ ਉਨ੍ਹਾਂ ਉੱਪਰ ਕਰਜੇ ਦਾ ਬੋਝ ਹੋਰ ਵਧੇਗਾ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਬਹੁਤ ਔਖਾ ਹੋ ਜਾਵੇਗਾ। ਇਸ ਲਈ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਕਿਸਾਨ ਜਥੇਬੰਦੀਆਂ ਅਤੇ ਰਾਜਨੀਤਿਕ ਧਿਰਾਂ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤਾਂ ਜੋ ਉਹ ਇਸ ਨੁਕਸਾਨ ਤੋਂ ਉਬਰ ਸਕਣ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਘੱਟੋ ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੀ ਮੰਗ ਕੀਤੀ ਹੈ।