5 ਕਿੱਲੋ 765 ਗ੍ਰਾਮ ਹੈਰੋਇੰਨ ਸਮੇਤ 3 ਤਸਕਰ ਕਾਬੂ
5 ਕਿੱਲੋ 765 ਗ੍ਰਾਮ ਹੈਰੋਇੰਨ ਸਮੇਤ 3 ਤਸਕਰ ਕਾਬੂ
Publish Date: Sat, 21 Mar 2026 07:57 PM (IST)
Updated Date: Sat, 21 Mar 2026 08:01 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸੂਬਾ ਸਰਕਾਰ ਵੱਲੋਂ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਵੱਖ-ਵੱਖ ਕਾਰਵਾਈਆਂ ਦੌਰਾਨ 3 ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਕੇ ਕੁੱਲ 5 ਕਿੱਲੋ 765 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈਆਂ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਣਾਈਆਂ ਵਿਸ਼ੇਸ਼ ਟੀਮਾਂ ਦੁਆਰਾ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੀਆਈਏ ਜ਼ੀਰਾ ਦੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਿੰਡ ਮੱਧਰੇ ਦੇ ਸ਼ਮਸ਼ਾਨਘਾਟ ਕੋਲੋਂ ਜਸਵੀਰ ਸਿੰਘ ਉਰਫ ਕਾਕਾ ਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਨੂੰ ਕਾਬੂ ਕੀਤਾ। ਇਨ੍ਹਾਂ ਪਾਸੋਂ 1 ਕਿੱਲੋ 52 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸੀਆਈਏ ਜ਼ੀਰਾ ਦੇ ਸਹਾਇਕ ਥਾਣੇਦਾਰ ਬੋਹੜ ਸਿੰਘ ਦੀ ਟੀਮ ਨੇ ਕਿਲੇ ਵਾਲਾ ਚੌਕ ਪਾਸੋਂ ਮੋਟਰਸਾਈਕਲ ਸਵਾਰ ਅਲਬਖਸ਼ ਉਰਫ ਕਾਕਾ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 2 ਕਿੱਲੋ 725 ਗ੍ਰਾਮ ਹੈਰੋਇਨ ਮਿਲੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਲਬਖਸ਼ ਇਕ ਪੇਸ਼ੇਵਰ ਅਪਰਾਧੀ ਹੈ, ਜਿਸ ’ਤੇ ਪਹਿਲਾਂ ਵੀ ਹੈਰੋਇਨ ਤਸਕਰੀ, ਡਰੱਗ ਮਨੀ ਤੇ ਨਾਜਾਇਜ਼ ਅਸਲੇ ਦੇ ਕਈ ਸੰਗੀਨ ਮਾਮਲੇ ਦਰਜ ਹਨ। ਥਾਣਾ ਸਦਰ ਫਿਰੋਜ਼ਪੁਰ ਦੇ ਬਲਦੇਵ ਰਾਜ ਦੀ ਟੀਮ ਨੂੰ ਪਿੰਡ ਲੰਗੇਆਣਾ ਦੇ ਖੇਤਾਂ ਵਿਚ ਡਰੋਨ ਰਾਹੀਂ ਪੀਲੇ ਰੰਗ ਦੇ ਪੈਕੇਟ ਸੁੱਟੇ ਜਾਣ ਦੀ ਸੂਚਨਾ ਮਿਲੀ ਸੀ। ਸਰਚ ਆਪਰੇਸ਼ਨ ਦੌਰਾਨ ਪੁਲਿਸ ਨੇ ਉਥੋਂ 1 ਕਿੱਲੋ 988 ਗ੍ਰਾਮ ਹੈਰੋਇੰਨ ਬਰਾਮਦ ਕੀਤੀ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਲਬਖਸ਼ ਖ਼ਿਲਾਫ਼ ਪਹਿਲਾਂ ਵੀ ਤਿੰਨ ਵੱਡੇ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ 7 ਕਿੱਲੋ ਹੈਰੋਇੰਨ, 36 ਲੱਖ ਡਰੱਗ ਮਨੀ ਅਤੇ ਹਥਿਆਰਾਂ ਦੀ ਬਰਾਮਦਗੀ, 50 ਗ੍ਰਾਮ ਹੈਰੋਇੰਨ ਅਤੇ ਸਕਾਰਪੀਓ ਗੱਡੀ ਦੀ ਬਰਾਮਦਗੀ, 105 ਗ੍ਰਾਮ ਹੈਰੋਇੰਨ ਅਤੇ ਪਿਸਤੌਲ ਦੀ ਬਰਾਮਦਗੀ ਸ਼ਾਮਲ ਹੈ। ਐੱਸਐੱਸਪੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੋਕੇ ਐਸਪੀ ਮਨਜੀਤ ਸਿੰਘ ,ਇੰਸਪੈਕਟਰ ਜਯੰਤ ਅਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ।