‘ਰੇਲਵਨ’ ਐਪ ਰਾਹੀਂ ਜਨਰਲ ਟਿਕਟ ਬੁੱਕ ਕਰਨ ’ਤੇ ਮਿਲੇਗੀ 3 ਫ਼ੀਸਦੀ ਦੀ ਛੋਟ
‘ਰੇਲਵਨ’ ਐਪ ਰਾਹੀਂ ਜਨਰਲ ਟਿਕਟ ਬੁੱਕ ਕਰਨ ’ਤੇ ਮਿਲੇਗੀ 3 ਪ੍ਰਤੀਸ਼ਤ ਦੀ ਛੋਟ
Publish Date: Wed, 14 Jan 2026 04:01 PM (IST)
Updated Date: Wed, 14 Jan 2026 04:03 PM (IST)

- ਫ਼ਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਨੂੰ ਡਿਜੀਟਲ ਟਿਕਟਿੰਗ ਅਪਣਾਉਣ ਦੀ ਅਪੀਲ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਇੰਡੀਆ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਰੇਲਵੇ ਨੇ ਹੁਣ ‘ਰੇਲਵਨ’ ਮੋਬਾਈਲ ਐਪ ਰਾਹੀਂ ਅਨ-ਰਿਜ਼ਰਵਡ (ਜਨਰਲ) ਟਿਕਟਾਂ ਦੀ ਖ਼ਰੀਦ ’ਤੇ 3 ਫ਼ੀਸਦੀ ਦੀ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਸੁਵਿਧਾ 14 ਜਨਵਰੀ 2026 ਤੋਂ ਲਾਗੂ ਕਰ ਦਿੱਤੀ ਗਈ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਛੋਟ ਦਾ ਲਾਭ ਸਿਰਫ਼ ਉਹ ਯਾਤਰੀ ਉਠਾ ਸਕਣਗੇ ਜੋ ‘ਰੇਲਵਨ’ ਐਪ ਰਾਹੀਂ ਟਿਕਟ ਬੁੱਕ ਕਰਦੇ ਸਮੇਂ ਡਿਜੀਟਲ ਭੁਗਤਾਨ ਦੇ ਸਾਧਨਾਂ ਜਿਵੇਂ ਕਿ ਯੂਪੀਆਈ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਦੀ ਵਰਤੋਂ ਕਰਨਗੇ। ਜ਼ਿਕਰਯੋਗ ਹੈ ਕਿ ਨਗਦ ਭੁਗਤਾਨ ਰਾਹੀਂ ਖਰੀਦੀਆਂ ਗਈਆਂ ਟਿਕਟਾਂ ’ਤੇ ਇਹ ਛੋਟ ਲਾਗੂ ਨਹੀਂ ਹੋਵੇਗੀ। ਇਸ ਕਦਮ ਨਾਲ ਜਿੱਥੇ ਯਾਤਰੀਆਂ ਦੇ ਪੈਸੇ ਬਚਣਗੇ, ਉੱਥੇ ਹੀ ਟਿਕਟ ਖਿੜਕੀਆਂ ’ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਤੋਂ ਵੀ ਨਿਜਾਤ ਮਿਲੇਗੀ। ‘ਰੇਲਵਨ ਐਪ’ ਸਿਰਫ਼ ਟਿਕਟ ਬੁਕਿੰਗ ਤਕ ਹੀ ਸੀਮਤ ਨਹੀਂ ਹੈ, ਬਲਕਿ ਇਹ ਯਾਤਰੀਆਂ ਲਈ ਇੱਕ ਸੰਪੂਰਨ ਹੱਲ ਹੈ। ਇਸ ਐਪ ਰਾਹੀਂ ਯਾਤਰੀ ਇਸ ਦੀਆਂ ਸਹੂਲਤਾਂ ਦਾ ਲਾਭ ਜਿਵੇਂ ਕਿ ਰਿਜ਼ਰਵਡ ਅਤੇ ਅਨ-ਰਿਜ਼ਰਵਡ ਟਿਕਟ ਬੁਕਿੰਗ, ਪਲੇਟਫਾਰਮ ਟਿਕਟ ਅਤੇ ਮਾਸਿਕ ਸੀਜ਼ਨ ਟਿਕਟ, ਸਟੇਟਸ ਦੀ ਜਾਂਚ ਅਤੇ ਕੋਚ ਦੀ ਲੋਕੇਸ਼ਨ ਦੀ ਜਾਣਕਾਰੀ, ਟਰੇਨ ਦੀ ਲਾਈਵ ਟਰੈਕਿੰਗ, ਸਫ਼ਰ ਦੌਰਾਨ ਖਾਣੇ ਦਾ ਆਰਡਰ ਦੇਣਾ, ਟਿਕਟ ਰਿਫੰਡ ਅਤੇ ‘ਰੇਲ ਮਦਦ’ ਰਾਹੀਂ ਸ਼ਿਕਾਇਤ ਨਿਵਾਰਨ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਰਾਹੀਂ ਯਾਤਰੀਆਂ ਨੂੰ ‘ਰੇਲਵਨ’ ਐਪ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।