ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
Publish Date: Sat, 07 Mar 2026 05:49 PM (IST)
Updated Date: Sat, 07 Mar 2026 05:51 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇਕ ਗਿਰੋਹ ਦੇ 3 ਮੈਂਬਰਾਂ ਨੂੰ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਕਾਰ, ਇਕ ਮੋਟਰਸਾਈਕਲ, ਇਕ ਵਾਸ਼ਿੰਗ ਮਸ਼ੀਨ, ਇਕ ਫਰਿੱਜ ਅਤੇ ਇਕ ਦੇਸੀ ਪਿਸਟਲ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਗਿਰੋਹ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਜਦ ਗਸ਼ਤ ਦੇ ਸਬੰਧ ਵਿਚ ਲਾਈਟਾਂ ਵਾਲਾ ਚੋਂਕ ਫਿਰੋਜ਼ਪੁਰ ਕੈਂਟ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਜੈ ਉਰਫ ਵਿਜੈ ਪੁੱਤਰ ਬੱਗਾ ਵਾਸੀ ਸਲੇਮ ਟਾਬਰੀ ਨੇੜੇ ਭਗਵਾਨ ਰਵੀਦਾਸ ਮੰਦਰ, ਥਾਣਾ ਸਲੇਮ ਟਾਬਰੀ ਜ਼ਿਲ੍ਹਾ ਲੁਧਿਆਣਾ, ਦਵਿੰਦਰ ਉਰਫ ਦੇਬੂ ਪੁੱਤਰ ਸੰਨੀ ਵਾਸੀ ਇੰਦਰਾ ਕਾਲੋਨੀ ਵਾਰਡ ਨੰਬਰ 1 ਫਿਰੋਜ਼ਪੁਰ ਕੈਂਟ ਅਤੇ ਸੂਰਜ ਉਰਫ ਪਿੰਨੀ ਪੁੱਤਰ ਅਵਤਾਰ ਵਾਸੀ ਇੰਦਰਾ ਕਾਲੌਨੀ, ਖਟੀਕ ਮੰਡੀ ਫਿਰੋਜ਼ਪੁਰ ਕੈਂਟ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਦੇ ਆਦੀ ਹਨ। ਖਾਸ ਮੁਖਬਰ ਨੇ ਦੱਸਿਆ ਕਿ ਉਹ ਤਿੰਨੋਂ ਜਣੇ ਚੋਰੀ ਕੀਤੇ ਹੋਏ ਮਾਲ ਨੂੰ ਵੇਚਣ ਲਈ ਗੱਡੀ ਨੰਬਰ ਡੀਐੱਲ 3 ਸੀਬੀਐੱਮ 8942 ’ਤੇ ਇਕ ਜਾਣਾ ਚੋਰੀ ਦੇ ਬਿਨ੍ਹਾ ਨੰਬਰੀ ਮੋਟਰਸਾਈਕਲ ਹੀਰੋ ਡੀਲਕਸ ’ਤੇ ਸਵਾਰ ਹੋ ਕੇ ਲੁਧਿਆਣਾ ਵਾਲੀ ਸਾਇਡ ਤੋਂ ਫਿਰੋਜ਼ਪੁਰ ਕੈਂਟ ਵੱਲ ਨੂੰ ਆ ਰਹੇ ਹਨ। ਇਨ੍ਹਾਂ ਪਾਸ ਨਾਜਾਇਜ਼ ਅਸਲਾ ਵੀ ਹੈ। ਜੇਕਰ ਚੁੰਗੀ ਨੰਬਰ 7 ’ਤੇ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੇ ਮਾਲ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਾਕਾ ਲਗਾ ਕੇ ਉਕਤ ਦੋਸ਼ੀਅਨ ਨੂੰ ਇਕ ਕਾਰ ਵੋਕਸ ਵੈਂਟੋ, ਇਕ ਮੋਟਰਸਾਈਕਲ ਬਿਨ੍ਹਾ ਨੰਬਰੀ, ਇਕ ਵਾਸ਼ਿੰਗ ਮਸ਼ੀਨ, ਇਕ ਫਰਿੱਜ ਅਤੇ ਇਕ ਦੇਸੀ ਪਿਸਟਲ 32 ਬੋਰ ਸਮੇਤ 5 ਰੋਂਦ ਜਿੰਦਾ ਬਰਾਮਦ ਕੀਤੇ। ਜਾਂਚ ਅਧਿਕਾਰੀ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਅਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।