04 ਨਜ਼ਾਇਜ਼ ਪਿਸਟਲ, 04 ਮੈਗਜ਼ੀਨ ਅਤੇ 7 ਜਿੰਦਾ ਰੌਂਦਾਂ ਸਮੇਤ 3 ਗ੍ਰਿਫਤਾਰ
04 ਨਜ਼ਾਇਜ਼ ਪਿਸਟਲ, 04 ਮੈਗਜ਼ੀਨ ਅਤੇ 7 ਜਿੰਦਾ ਰੌਂਦਾਂ ਸਮੇਤ 3 ਗ੍ਰਿਫਤਾਰ
Publish Date: Thu, 12 Mar 2026 06:43 PM (IST)
Updated Date: Fri, 13 Mar 2026 04:09 AM (IST)

‘ਆਪਰੇਸ਼ਨ ਗੈਂਗਸਟਰ ’ਤੇ ਵਾਰ’ ਮੁਹਿੰਮ ਤਹਿਤ ਸੀਆਈਏ ਜ਼ੀਰਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 105 ਗ੍ਰਾਮ ਹੈਰੋਇਨ ਵੀ ਬਰਾਮਦ ਤਿੰਨਾਂ ਦੋਸ਼ੀਆਂ ਖਿਲਾਫ ਪਹਿਲੋਂ ਵੀ ਦਰਜ ਹਨ 14 ਮੁਕੱਦਮੇਂ ! ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ‘‘ਆਪਰੇਸ਼ਨ ਗੈਂਗਸਟਰ ’ਤੇ ਵਾਰ’’ ਮੁਹਿੰਮ ਤਹਿਤ ਸੀਆਈਏ ਸਟਾਫ ਜ਼ੀਰਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨ ਸਟਾਫ ਦੀਆਂ ਦੋ ਵੱਖ ਵੱਖ ਟੀਮਾਂ ਨੇ ਚਾਰ ਪਿਸਤੌਲਾਂ ,ਚਾਰ ਮੈਗਜ਼ੀਨ ਅਤੇ ਸੱਤ ਜਿੰਦਾ ਰੌਂਦਾਂ ਸਮੇਤ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿਚੋਂ ਇਕ ਗੈਂਗਸਟਰ ਕੋਲੋਂ 105 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੇ ਖ਼ਿਲਾਫ਼ ਪਹਿਲੋਂ ਵੀ ਵੱਖ ਵੱਖ ਥਾਣਿਆਂ ਵਿਚ 14 ਦੇ ਕਰੀਬ ਮਾਮਲੇ ਦਰਜ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ‘ਆਪਰੇਸ਼ਨ ਗੈਂਗਸਟਰ ’ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਇਸ ਮੁਹਿੰਮ ਤਹਿਤ ਸੀਆਈਏ ਜ਼ੀਰਾ ਦੀ ਇਕ ਟੀਮ ਨੂੰ ਬੀਤੇ ਦਿਨੀ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਏ.ਐੱਸ.ਆਈ. ਅੰਗਰੇਜ਼ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਕਰਦੇ ਹੋਏ ਫਿਰੋਜ਼ਸ਼ਾਹ ਤੋਂ ਸੋਢੀ ਨਗਰ ਵੱਲ ਨੂੰ ਮੁੜੇ ਤਾਂ ਦਾਣਾ ਮੰਡੀ ਦੇ ਸ਼ੈੱਡ ਥੱਲੇ ਖੜ੍ਹਾ ਇਕ ਮੋਨਾ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਖਿਸਕਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਮ ਸੰਦੀਪ ਉਰਫ ਬਿੱਲਾ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਖਲਚੀਆਂ ਜਦੀਦ, ਥਾਣਾ ਸਦਰ ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ ਦੱਸਿਆ। ਜਿਸ ਉਪਰੰਤ ਉਸਦੇ ਗਲੇ ਵਿਚ ਪਾਏ ਛੋਟੇ ਬੈਗ ਦੀ ਤਲਾਸ਼ੀ ਕਰਨ ’ਤੇ ਬੈਗ ’ਚੋਂ 105 ਗ੍ਰਾਮ ਹੈਰੋਇਨ, 02 ਨਜ਼ਾਇਜ਼ ਪਿਸਟਲ, 2 ਮੈਗਜ਼ੀਨ ਅਤੇ 5 ਜਿੰਦਾ ਰੌਂਦ ਬਰਾਮਦ ਹੋਏ, ਜਿਸ ਸਬੰਧੀ ਮੁਕੱਦਮਾ ਨੰਬਰ 28 ਮਿਤੀ 10.03.2026 ਅ/ਧ 21 ਐੱਨਡੀਪੀਐੱਸ ਐਕਟ, 25/27 ਅਸਲਾ ਐਕਟ ਥਾਣਾ ਘੱਲਖੁਰਦ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ। ਸੰਦੀਪ ਦੇ ਖਿਲਾਫ ਪਹਿਲੋਂ ਵੀ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਸਣੇ ਅੱਧੀ ਦਰਜਨ ਦੇ ਕਰੀਬ ਵੱਖ ਵੱਖ ਮਾਮਲੇ ਦਰਜ ਹਨ । ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸੀਆਈਏ ਜ਼ੀਰਾ ਦੀ ਇਕ ਹੋਰ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਏ.ਐੱਸ.ਆਈ. ਗੁਰਸਾਹਿਬ ਸਿੰਘ ਅਤੇ ਉਨ੍ਹਾਂ ਦੇ ਪੁਲਿਸ ਪਾਰਟੀ ਨੂੰ ਖ਼ਬਰੀ ਨੈਟਵਰਕ ਤੋਂ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੁੰਮਾ ਪੁੱਤਰ ਜਸਵਿੰਦਰ ਸਿੰਘ ਵਾਸੀ ਬਸਤੀ ਮਲਸੀਆਂ ਵਾਲੀ, ਜ਼ੀਰਾ ਅਤੇ ਖੜਕ ਸਿੰਘ ਉਰਫ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਅਸ਼ੋਕ ਕੁਮਾਰ ਵਾਸੀ ਸਮਾਧੀ ਮੁਹੱਲਾ, ਜ਼ੀਰਾ ਆਪਣੇ ਪਾਸ ਨਾਜਾਇਜ਼ ਅਸਲਾ ਰੱਖਦੇ ਹਨ ਅਤੇ ਅੱਜ ਨਾਜਾਇਜ਼ ਅਸਲੇ ਸਮੇਤ ਘੁੰਮ ਰਹੇ ਹਨ। ਜਿਸ ’ਤੇ ਕਾਰਵਾਈ ਕਰਦਿਆ ਗੁਰਪ੍ਰੀਤ ਸਿੰਘ ਅਤੇ ਦੀਪਕ ਕੁਮਾਰ ਉਕਤਾਨ ਨੂੰ 2 ਦੇਸੀ ਪਿਸਟਲ 32 ਬੋਰ, 2 ਮੈਗਜ਼ੀਨ ਅਤੇ 2 ਜਿੰਦਾ ਰੌਂਦਾਂ ਸਮੇਤ ਦਾਣਾ ਮੰਡੀ ਜ਼ੀਰਾ ਤੋਂ ਕਾਬੂ ਕੀਤਾ ਗਿਆ, ਜਿਸ ਸਬੰਧੀ ਅ/ਧ 25/27 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 45 ਥਾਣਾ ਸਿਟੀ ਜ਼ੀਰਾ ਵਿਖੇ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲੋਂ ਵੀ ਵੱਖ ਵੱਖ ਧਾਰਾਵਾਂ ਤਹਿਤ 8 ਮਾਮਲੇ ਦਰਜ ਹਨ।