ਨਗਰ ਕੌਂਸਲ ਫਿਰੋਜ਼ਪੁਰ ਦੇ ਸਫ਼ਾਈ ਕਰਮਚਾਰੀਆਂ ਨੂੰ 2 ਰੋਜ਼ਾ ਟ੍ਰੇਨਿੰਗ ਕਰਵਾਈ
ਨਗਰ ਕੌਂਸਲ ਫਿਰੋਜ਼ਪੁਰ ਵਿਚ ਸਫ਼ਾਈ ਕਰਮਚਾਰੀਆਂ ਦੀ 2 ਰੋਜ਼ਾ ਸੁਰੱਖਿਆ ਅਤੇ ਹੁਨਰ ਵਿਕਾਸ ਟਰੇਨਿੰਗ ਲਗਾਈ ਗਈ
Publish Date: Sat, 28 Feb 2026 05:41 PM (IST)
Updated Date: Sat, 28 Feb 2026 05:43 PM (IST)

ਸੈਨੀਟੇਸ਼ਨ ਵਰਕਰਾਂ ਨੂੰ ਸੁਰੱਖਿਆ ਅਤੇ ਹੁਨਰ ਵਿਕਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਕੀਤਾ ਜਾਗਰੂਕ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਫਿਰੋਜ਼ਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ ਨਗਰ ਕੌਂਸਲ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਹੁਨਰ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਰੈਕਿਟ ਦੇ ਅਧੀਨ, ਇਸ ਦੇ ਇੰਪਲੀਮੈਂਟੇਸ਼ਨ ਭਾਗੀਦਾਰ ਜਾਗਰਣ ਪਹਿਲ ਅਤੇ ਗ੍ਰੀਨ ਸਪਰਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਹਾਰਪਿਕ ਵਰਲਡ ਟਾਇਲਟ ਕਾਲਜ ਪਟਿਆਲਾ ਦੇ ਅਧੀਨ ਨਗਰ ਕੌਂਸਲ ਫਿਰੋਜ਼ਪੁਰ ਦੇ ਸਮੂਹ ਸਫ਼ਾਈ ਕਰਮਚਾਰੀਆਂ ਲਈ ਦੋ ਦਿਨਾਂ ਦੀ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਦੋ ਦਿਨਾਂ ਦੇ ਕਾਰਜਕ੍ਰਮ ਵਿਚ ਸਵੀਪਰ, ਕਚਰਾ ਇਕੱਠਾ ਕਰਨ ਵਾਲੇ ਕਰਮਚਾਰੀ, ਸਿਵਰ ਅਤੇ ਨਾਲਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀ, ਟਾਇਲਟ ਸਾਫ਼ ਕਰਨ ਵਾਲੇ ਕਰਮਚਾਰੀ ਅਤੇ ਦੇਖਭਾਲ ਕਰਤਾ ਸ਼ਾਮਲ ਹੋਏ। ਟਰੇਨਿੰਗ ਦੌਰਾਨ ਭਾਗ ਲੈਣ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਸਫ਼ਾਈ ਮਿੱਤਰ ਪਾਸਪੋਰਟ, ਟਰੇਨਿੰਗ ਸਫਲਤਾਪੂਰਵਕ ਪੂਰੀ ਕਰਨ ’ਤੇ ਸਰਟੀਫਿਕੇਟ ਅਤੇ ਸੁਰੱਖਿਆ ਕਿੱਟ (ਦਸਤਾਨੇ, ਪਾਣੀ ਦੀ ਬੋਤਲ ਅਤੇ ਰਿਫਲੈਕਟਿਵ ਜੈਕਟ) ਪ੍ਰਦਾਨ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਕਲਿਆਣ ਯੋਜਨਾਵਾਂ ਨਾਲ ਜੋੜਨ ਬਾਰੇ ਵੀ ਜਾਣਕਾਰੀ ਅਤੇ ਸਹੂਲਤ ਦਿੱਤੀ ਗਈ, ਤਾਂ ਜੋ ਉਨ੍ਹਾਂ ਦੀ ਲੰਬੇ ਸਮੇਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਪ੍ਰੋਗਰਾਮ ਵਿਚ ਨਗਰ ਕੌਂਸਲ ਫਿਰੋਜ਼ਪੁਰ ਰੋਹਿਤ ਗਰੋਵਰ ਪ੍ਰਧਾਨ, ਪੂਨਮ ਭਟਨਾਗਰ ਕਾਰਜ ਸਾਧਕ ਅਫਸਰ ਅਤੇ ਡਾ. ਸੁਖਪਾਲ ਸਿੰਘ ਸੁਪਰਡੈਂਟ ਸੈਨੀਟੇਸ਼ਨ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ, ਜਿਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਨਾਲ ਉਨ੍ਹਾਂ ਦੀ ਨਿੱਜੀ ਸੁਰੱਖਿਆ ਅਤੇ ਸਿਹਤ ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਸੁਰੱਖਿਆ ਮਿਆਰਾਂ ਬਾਰੇ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਹਾਰਪਿਕ ਵਰਲਡ ਟਾਇਲਟ ਕਾਲਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਫ਼ਾਈ ਕਰਮਚਾਰੀਆਂ ਦੇ ਗੌਰਵ, ਸੁਰੱਖਿਆ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਟਰੇਨਿੰਗਾਂ ਜਾਰੀ ਰਹਿਣਗੀਆਂ। ਇਹ ਟਰੇਨਿੰਗ ਕੇਂਦਰ ਸਰਕਾਰ ਦੀ ‘‘ਸਵੱਛ ਭਾਰਤ ਮਿਸ਼ਨ’’ ਦੀ ਭਾਵਨਾ ਅਨੁਸਾਰ ਆਯੋਜਿਤ ਕੀਤੀ ਗਈ, ਜਿਸਦਾ ਮੁੱਖ ਉਦੇਸ਼ ਦੇਸ਼ ਨੂੰ ਸਾਫ਼-ਸੁਥਰਾ ਅਤੇ ਖੁੱਲ੍ਹੇ ਵਿਚ ਸ਼ੌਚ ਮੁਕਤ ਬਣਾਉਣਾ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ, ਮਕੈਨਾਈਜ਼ਡ ਸਫ਼ਾਈ ਪ੍ਰਣਾਲੀ ਅਤੇ ਮੈਨੂਅਲ ਸਕੈਵੇਂਜਿੰਗ ਦੇ ਖਾਤਮੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਮਜ਼ਬੂਤ ਬਣਾਉਣ, ਘਰ-ਘਰ ਕਚਰਾ ਇਕੱਠਾ ਕਰਨ, ਸ੍ਰੋਤ ਪੱਧਰ ’ਤੇ ਕੱਚਰੇ ਦੀ ਛਟਾਈ ਅਤੇ ਸੁਰੱਖਿਅਤ ਸੀਵਰੇਜ ਪ੍ਰਬੰਧਨ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਸਫ਼ਾਈ ਕਰਮਚਾਰੀਆਂ ਦੀ ਟਰੇਨਿੰਗ ਅਤੇ ਭਲਾਈ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਇਸ ਮੌਕੇ ਸੈਂਟਰ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਤੋਂ ਇਲਾਵਾ ਸੈਂਨਟਰੀ ਮੇਟ ਅਮਰ ਭੱਟੀ, ਰਾਜ ਕੁਮਾਰ, ਰਾਮ ਚਰਨ, ਰਜੇਸ਼ ਕੁਮਾਰ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰ ਸਿਮਰਨਜੀਤ ਸਿੰਘ, ਗੁਰਦੇਵ ਸਿੰਘ, ਸੁਮਨ ਰਾਣੀ ਅਤੇ ਸਮੂਹ ਕਰਮਚਾਰੀ ਮੋਟੀਵੇਟਰ ਮੌਜ਼ੂਦ ਸਨ।