ਗੁਰਦੁਆਰਾ ਗੁਰੂ ਰਾਮ ਦਾਸ ਪੁਰੀ ਅਰਮਾਨਪੁਰਾ ਵਿਖੇ 22ਵਾਂ ਸਾਲਾਨਾ ਜਾਪ ਸਮਾਗਮ ਸਮਾਪਤ
ਗੁਰਦੁਆਰਾ ਗੁਰੂ ਰਾਮ ਦਾਸ ਪੁਰੀ ਅਰਮਾਨਪੁਰਾ ਵਿਖੇ 22ਵਾਂ ਸਾਲਾਨਾ ਜਾਪ ਸਮਾਗਮ ਸੰਪੰਨ
Publish Date: Sun, 01 Mar 2026 03:35 PM (IST)
Updated Date: Sun, 01 Mar 2026 03:37 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਗੁਰਦੁਆਰਾ ਗੁਰੂ ਰਾਮ ਦਾਸ ਪੁਰੀ ਅਰਮਾਨਪੁਰਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ 22ਵਾਂ ਸਾਲਾਨਾ ਜਾਪ ਸਮਾਗਮ ਅੱਜ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਸਰਬੱਤ ਦੇ ਭਲੇ ਦੀ ਅਰਦਾਸ ਨੂੰ ਸਮਰਪਿਤ ਇਹ ਸਮਾਗਮ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਜਾਰੀ ਸੀ, ਜਿਸ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਦਾ ਆਨੰਦ ਮਾਣਿਆ। ਇਸ ਸਾਲਾਨਾ ਸਮਾਗਮ ਦੀ ਆਰੰਭਤਾ 19 ਫਰਵਰੀ 2026 (8 ਫੱਗਣ) ਦਿਨ ਵੀਰਵਾਰ ਨੂੰ ਅੰਮ੍ਰਿਤ ਵੇਲੇ 4 ਵਜੇ ਬੜੀ ਮਰਯਾਦਾ ਨਾਲ ਕੀਤੀ ਗਈ ਸੀ। ਦਸ ਦਿਨਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਜਾਪ ਸਮਾਗਮ ਵਿਚ ਰੋਜ਼ਾਨਾ ਵੱਖ-ਵੱਖ ਪੜਾਵਾਂ ਵਿਚ ਬਾਣੀ ਦੇ ਜਾਪ ਕੀਤੇ ਗਏ। ਅੱਜ 01 ਮਾਰਚ 2026 (18 ਫੱਗਣ) ਦਿਨ ਐਤਵਾਰ ਨੂੰ ਬਾਬਾ ਚਰਨ ਦਾਸ ਜੀ ਦੇ ਜਨਮ ਦਿਨ ਦੇ ਪਵਿੱਤਰ ਦਿਹਾੜੇ ’ਤੇ ਸਵੇਰੇ 8 ਵਜੇ ਇਸ ਜਾਪ ਦੀ ਸੰਪੂਰਨਤਾ ਹੋਈ। ਜਾਪ ਦੀ ਸਮਾਪਤੀ ਉਪਰੰਤ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਰਾਗੀ ਜੱਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੀ ਅੰਤਿਮ ਅਰਦਾਸ ਦੁਪਹਿਰ 12 ਵਜੇ ਕੀਤੀ ਗਈ, ਜਿਸ ਵਿਚ ਦੇਸ਼-ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਜੋਦੜੀ ਕੀਤੀ ਗਈ। ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਸੰਗਤਾਂ ਦੀ ਸਹੂਲਤ ਲਈ ਜਾਪ ਦੇ ਤਿੰਨ ਮੁੱਖ ਸਮੇਂ ਨਿਰਧਾਰਿਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸਵੇਰ ਦਾ ਸੈਸ਼ਨ ਜਾਪ ਸਵੇਰੇ 4.30 ਵਜੇ ਆਰੰਭ ਹੁੰਦਾ ਸੀ ਅਤੇ ਪਹਿਲੀ ਅਰਦਾਸ ਸਵੇਰੇ 8 ਵਜੇ ਹੁੰਦੀ ਸੀ। ਦੁਪਹਿਰ ਦਾ ਸੈਸ਼ਨ ਦੂਜਾ ਜਾਪ ਸਵੇਰੇ 9.30 ਵਜੇ ਸ਼ੁਰੂ ਹੋ ਕੇ ਦੁਪਹਿਰ 12.30 ਵਜੇ ਦੀ ਅਰਦਾਸ ਨਾਲ ਸਮਾਪਤ ਹੁੰਦਾ ਸੀ। ਸ਼ਾਮ ਦਾ ਸੈਸ਼ਨ ਤੀਜਾ ਜਾਪ ਸ਼ਾਮ 3.30 ਵਜੇ ਸ਼ੁਰੂ ਹੁੰਦਾ ਸੀ, ਜਿਸ ਦੀ ਅਰਦਾਸ ਰਾਤ 8.30 ਵਜੇ ਹੁੰਦੀ ਸੀ।