ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਫੋਰਟਰੈਸ ਚੈੱਕ’ ਤਹਿਤ ਫੜੇ 1840 ਬਿਨਾ ਟਿਕਟ ਯਾਤਰੀ
ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਫੋਰਟਰੈਸ ਚੈੱਕ’ ਤਹਿਤ ਫੜੇ 1840 ਬਿਨ੍ਹਾ ਟਿਕਟ ਯਾਤਰੀ
Publish Date: Thu, 23 Apr 2026 05:05 PM (IST)
Updated Date: Fri, 24 Apr 2026 04:04 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵੱਲੋਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਬਿਨ੍ਹਾ ਟਿਕਟ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਵਿਰੁੱਧ ਸਖ਼ਤੀ ਵਰਤਦਿਆਂ ‘‘ਫੋਰਟਰੈਸ ਚੈੱਕ’’ ਨਾਮਕ ਇਕ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਰੇਲਵੇ ਦੇ ਮਾਲੀਏ ਦੀ ਚੋਰੀ ਨੂੰ ਰੋਕਣਾ ਅਤੇ ਕਾਨੂੰਨੀ ਤੌਰ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸਹੂਲਤ ਦੇਣਾ ਸੀ। ਇਸ ਚੈਕਿੰਗ ਦੌਰਾਨ ਟੀਮਾਂ ਨੇ ਸਟੇਸ਼ਨ ਦੇ ਸਾਰੇ ਨਿਕਾਸ ਅਤੇ ਪ੍ਰਵੇਸ਼ ਦੁਆਰਾਂ ਨੂੰ ਘੇਰ ਕੇ ਤਲਾਸ਼ੀ ਲਈ। ਮੁਹਿੰਮ ਦੌਰਾਨ ਕੁੱਲ 1840 ਅਜਿਹੇ ਯਾਤਰੀ ਫੜੇ ਗਏ ਜੋ ਬਿਨਾਂ ਟਿਕਟ ਜਾਂ ਅਨਿਯਮਿਤ ਟਿਕਟਾਂ ਨਾਲ ਸਫ਼ਰ ਕਰ ਰਹੇ ਸਨ। ਇਨ੍ਹਾਂ ਯਾਤਰੀਆਂ ਤੋਂ ਮੌਕੇ ’ਤੇ ਹੀ 8,06,935 ਰੁਪਏ ਦਾ ਰੇਲਵੇ ਮਾਲੀਆ ਵਸੂਲਿਆ ਗਿਆ। ਇਸ ਕਾਰਵਾਈ ਵਿਚ ਟਿਕਟ ਚੈਕਿੰਗ ਸਟਾਫ਼ ਦੇ 20 ਮੈਂਬਰ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਸਾਂਝੀ ਟੀਮ ਸ਼ਾਮਲ ਸੀ। ਰੇਲਵੇ ਦੀ ਭਾਸ਼ਾ ਵਿਚ ‘ਫੋਰਟਰੈਸ ਚੈੱਕ’ ਇੱਕ ਅਜਿਹੀ ਰਣਨੀਤਕ ਕਾਰਵਾਈ ਹੈ ਜਿਸ ਵਿਚ ਕਿਸੇ ਖ਼ਾਸ ਸਟੇਸ਼ਨ ਜਾਂ ਰੇਲ ਖੰਡ ਨੂੰ ਪੂਰੀ ਤਰ੍ਹਾਂ ‘ਕਲੇ’ ਵਾਂਗ ਸੀਲ ਕਰ ਦਿੱਤਾ ਜਾਂਦਾ ਹੈ। ਇਸ ਦੀ ਸੂਚਨਾ ਪਹਿਲਾਂ ਤੋਂ ਸਾਂਝੀ ਨਹੀਂ ਕੀਤੀ ਜਾਂਦੀ। ਇਸ ਦੌਰਾਨ ਆਰਪੀਐੱਫ ਅਤੇ ਚੈਕਿੰਗ ਸਟਾਫ਼ ਯਾਤਰੀਆਂ ਦੀਆਂ ਟਿਕਟਾਂ, ਪਛਾਣ ਪੱਤਰਾਂ ਅਤੇ ਹੋਰ ਰੇਲਵੇ ਨਿਯਮਾਂ ਦੀ ਬਾਰੀਕੀ ਨਾਲ ਜਾਂਚ ਕਰਦੇ ਹਨ ਤਾਂ ਜੋ ਕੋਈ ਵੀ ਬਿਨਾਂ ਟਿਕਟ ਵਾਲਾ ਵਿਅਕਤੀ ਬਚ ਕੇ ਨਾ ਨਿਕਲ ਸਕੇ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਜਾਇਜ਼ ਟਿਕਟ ਲੈ ਕੇ ਹੀ ਸਫ਼ਰ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾਂ ਟਿਕਟ ਯਾਤਰਾ ਕਰਨਾ ਇਕ ਅਪਰਾਧ ਹੈ ਅਤੇ ਇਸ ਨਾਲ ਰੇਲਵੇ ਨੂੰ ਭਾਰੀ ਵਿੱਤੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਅਤੇ ਰੇਲਵੇ ਦੇ ਮਾਲੀਏ ਦੀ ਸੁਰੱਖਿਆ ਲਈ ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ।