15 ਹੋਣਹਾਰ ਵਿਦਿਆਰਥੀਆਂ ਨੂੰ ਹਵਾਈ ਜਹਾਜ਼ ਰਾਹੀਂ ਅਹਿਮਦਾਬਾਦ ਭੇਜਿਆ
ਜ਼ਿਲ੍ਹਾ ਫਿਰੋਜ਼ਪੁਰ ਦੇ 15 ਹੋਣਹਾਰ ਵਿਦਿਆਰਥੀਆਂ ਨੂੰ ਹਵਾਈ ਜਹਾਜ਼ ਰਾਹੀਂ ਅਹਿਮਦਾਬਾਦ ਭੇਜਿਆ
Publish Date: Tue, 06 Jan 2026 03:40 PM (IST)
Updated Date: Tue, 06 Jan 2026 03:41 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਵਿਚ 11ਵੀੰ ਜਮਾਤ ਵਿਚ ਪੜ੍ਹਦੇ 15 ਹੋਣਹਾਰ ਵਿਦਿਆਰਥੀਆਂ ਨੂੰ ਹਵਾਈ ਯਾਤਰਾ ਰਾਹੀਂ ਅਹਿਮਦਾਬਾਦ (ਗੁਜਰਾਤ) ਦਾ ਵਿਦਿਅਕ ਟੂਰ ਭੇਜਿਆ ਗਿਆ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫ਼ਿਰੋਜ਼ਪੁਰ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫ਼ਿਰੋਜ਼ਪੁਰ ਡਾ. ਸਤਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਸਰਕਾਰੀ ਸਕੂਲਾਂ ਦੇ ਹਰੇਕ ਬਲਾਕ ਦੇ ਟਾਪਰ 11ਵੀਂ ਜਮਾਤ ਦੇ ਮੈਡੀਕਲ ਅਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਤੋਂ ਬਾਹਰ ਵਿਗਿਆਨਕ ਅਤੇ ਇਤਿਹਾਸਿਕ ਮਹੱਤਤਾ ਵਾਲੇ ਸਥਾਨਾਂ ਅਤੇ ਸੰਸਥਾਵਾਂ ਤੇ 5 ਦਿਨਾਂ ਅੰਤਰਰਾਜੀ ਐਕਸਪੋਜ਼ਰ ਵਿਜਿਟ ਕਰਵਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨ ਵਿਸ਼ੇ ਪ੍ਰਤੀ ਰੋਚਕਤਾ ਪੈਦਾ ਕਰਨਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਨੋਡਲ ਅਫਸਰ ਅਤੇ ਕੋਆਰਡੀਨੇਟਰ ਸੰਜੀਵ ਟੰਡਨ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ 10 ਬਲਾਕਾਂ ਵਿੱਚੋਂ ਕੁੱਲ 80 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ, ਜਿਨਾਂ ਵਿੱਚੋਂ 65 ਵਿਦਿਆਰਥੀਆਂ ਦੇ ਦੋ ਗਰੁੱਪ ਪਹਿਲਾਂ ਜੈਪੁਰ ਭੇਜੇ ਜਾ ਚੁੱਕੇ ਹਨ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਹਿਲੇ 15 ਟਾਪਰ ਵਿਦਿਆਰਥੀਆਂ ਅਤੇ 02 ਅਧਿਆਪਕਾਂ ਨੂੰ ਹਵਾਈ ਯਾਤਰਾ ਰਾਹੀਂ ਅਹਿਮਦਾਬਾਦ ਭੇਜਿਆ ਗਿਆ ਹੈ। ਜਿੱਥੇ ਇਹਨਾਂ ਵਿਦਿਆਰਥੀਆਂ ਵੱਲੋਂ ਆਈਆਈਐੱਮ ਅਹਿਮਦਾਬਾਦ, ਗੁਜਰਾਤ ਸਾਇੰਸ ਸਿਟੀ, ਰਾਨੀ ਕੀ ਵਾਵ, ਸਨ ਟੈਂਪਲ, ਸਾਬਰਮਤੀ ਆਸ਼ਰਮ, ਸਰਦਾਰ ਵੱਲਭ ਭਾਈ ਪਟੇਲ ਮਿਊਜ਼ੀਅਮ, ਕਨਕਰੀਆ ਲੇਕ, ਸਾਬਰਮਤੀ ਰਿਵਰ ਫਰੰਟ ਅਤੇ ਕਈ ਹੋਰ ਇਤਿਹਾਸਕ ਮਹੱਤਤਾਂ ਵਾਲੇ ਸਥਾਨ ਵਿਜਿਟ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਫੋਰ ਸਟਾਰ ਹੋਟਲ ਵਿਚ ਰਹਿਣ ਦੀ ਸੁਵਿਧਾ, ਹਵਾਈ ਯਾਤਰਾ ਲਈ ਆਣ ਜਾਣ ਦਾ ਖਰਚ ਆਦਿ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ਤੇ ਕੀਤਾ ਗਿਆ ਹੈ।