ਕੌਮੀ ਲੋਕ ਅਦਾਲਤ ’ਚ 13,037 ਕੇਸਾਂ ਦਾ ਕੀਤਾ ਨਿਪਟਾਰਾ
ਕੌਮੀ ਲੋਕ ਅਦਾਲਤ ਵਿਚ 13037 ਕੇਸਾਂ ਦਾ ਕੀਤਾ ਗਿਆ ਨਿਪਟਾਰਾ
Publish Date: Sat, 14 Mar 2026 05:33 PM (IST)
Updated Date: Sat, 14 Mar 2026 05:36 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਾਣਯੋਗ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਹਿੰਦੁਸਤਾਨ ਵਿਚ ਕੌਮੀ ਲੋਕ ਅਦਾਲਤ ਲਾਈ ਗਈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਫਿਰੋਜ਼ਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਅਦਾਲਤਾਂ ਵਿਚ ਕੌਮੀ ਲੋਕ ਅਦਾਲਤ ਲਾਈ ਗਈ। ਜਿਸ ਤਹਿਤ ਜ਼ਿਲ੍ਹਾ ਫਿਰੋਜਪੁਰ ਵਿਚ ਕੁੱਲ 18 ਬੈਂਚ ਬਣਾਏ ਗਏ, ਜਿਨ੍ਹਾਂ ਵਿਚ ਸੈਸ਼ਨ ਡਵੀਜਨ, ਫਿਰੋਜ਼ਪੁਰ ਦੀਆਂ ਅਦਾਲਤਾਂ ਵਿਚ 12 ਬੈਂਚ, ਸਥਾਈ ਲੋਕ ਅਦਾਲਤ ਵਿਖੇ 1 ਬੈਂਚ, ਜ਼ੀਰਾ ਵਿਖੇ 3 ਬੈਂਚ ਅਤੇ ਗੁਰੂਹਰਸਹਾਏ ਵਿਖੇ 2 ਬੈਂਚ ਬਣਾਏ ਗਏ ਹਨ। ਜਾਣਕਾਰੀ ਮੁਤਾਬਿਕ ਇਸ ਲੋਕ ਅਦਾਲਤ ਵਿਚ ਕੁੱਲ 22396 ਕੇਸ ਲਾਏ ਗਏ, ਜਿਨ੍ਹਾਂ ਵਿੱਚੋਂ 13037 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਜਿਵੇਂ ਕਿ ਦੀਵਾਨੀ ਕੇਸ, ਰਾਜੀਨਾਮਾ ਹੋਣ ਯੋਗ ਫੌਜਦਾਰੀ ਕੇਸ, ਚੈੱਕ ਬਾਊਂਸ, ਰਿਕਵਰੀ ਦੇ ਕੇਸ, ਟ੍ਰੈਫਿਕ ਚਲਾਨ ਅਤੇ ਘਰੇਲੂ ਝਗੜਿਆਂ ਦੇ ਕੇਸ, ਇਖਰਾਜ ਰਿਪੋਰਟਾਂ, ਅਦਮਪਤਾ ਰਿਪੋਰਟਾਂ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੇਸ ਅਤੇ ਪ੍ਰੀ ਲਿਟੀਗੇਟਿਵ ਕੇਸ ਜਿਨ੍ਹਾਂ ਵਿਚ ਬੈਂਕ ਰਿਕਵਰੀ ਪ੍ਰਾਈਵੇਟ ਫਾਇਨਾਂਸ ਕੰਪਨੀ, ਮੋਬਾਈਲ ਅਤੇ ਟੈਲੀਫੋਨ ਕੰਪਨੀਆਂ ਦੇ ਕੇਸਾਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਦੇ ਨਾਲ ਕੀਤਾ ਗਿਆ। ਲੋਕ ਅਦਾਲਤ ਵਿਚ ਆਉਣ ਵਾਲੇ ਲੋਕਾਂ ਦੀ ਮਦਦ ਅਤੇ ਪੁੱਛਗਿੱਛ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ ਫਿਰੋਜ਼ਪੁਰ ਦੇ ਪਬਲਿਕ ਐਂਟਰੀ ਗੇਟ ਉੱਪਰ ਇਕ ਹੈਲਪ ਡੈਸਕ ਵੀ ਲਾਇਆ ਗਿਆ ਤਾਂ ਜੋ ਲੋਕਾਂ ਨੂੰ ਸੁਖਾਲਾ ਕੀਤਾ ਜਾ ਸਕੇ। ਇਸੇ ਤਰ੍ਹਾਂ ਹੀ ਦੋਵਾਂ ਸਬ ਡਵੀਜਨਾਂ ਜ਼ੀਰਾ ਅਤੇ ਗੁਰੂਹਰਸਹਾਏ ਵਿਖੇ ਵੀ ਹੈਲਪ ਡੈਸਕ ਲਾਏ ਗਏ। ਲੋਕ ਅਦਾਲਤ ਵਿਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੈ। ਲੋਕ ਅਦਾਲਤ ਵਿਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁਕੱਦਮੇਬਾਜੀ ਤੋਂ ਮੁਕਤੀ ਮਿਲਦੀ ਹੈ ਅਤੇ ਹੋਰ ਕਈ ਮਾਨਸਿਕ ਪਰੇਸ਼ਾਨੀਆਂ ਤੋਂ ਧਿਰਾਂ ਨੂੰ ਮੁਕਤੀ ਮਿਲਦੀ ਹੈ। ਦੋਵੇਂ ਧਿਰਾਂ ਆਪਣੇ-ਆਪ ਨੂੰ ਜੇਤੂ ਮਹਿਸੂਸ ਕਰਦੀਆਂ ਹਨ ਅਤੇ ਕਿਸੇ ਵੀ ਧਿਰ ਦੀ ਹਾਰ ਨਹੀਂ ਹੁੰਦੀ।