- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ 12 ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਹਾਈ-ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿਚ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਦੀਆਂ ਬੈਰਕਾਂ ਵਿੱਚੋਂ ਵੱਡੀ ਮਾਤਰਾ ਵਿਚ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ 12 ਮੋਬਾਇਲ ਫੋਨ, ਨਸ਼ੀਲੇ ਪਦਾਰਥ ਅਤੇ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਤੰਬਾਕੂ ਦੀਆਂ ਪੁੜੀਆਂ ਮਿਲੀਆਂ ਹਨ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਕੁੱਲ 9 ਹਵਾਲਾਤੀਆਂ ਨੂੰ ਨਾਮਜ਼ਦ ਕਰਦਿਆਂ ਉਨ੍ਹਾਂ ਖਿਲਾਫ਼ ਪਰੀਸੰਨਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਲਏ ਹਨ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਮੋਬਾਇਲ ਫੋਨ ਅਤੇ ਨਸ਼ੀਲੀਆਂ ਵਸਤੂਆਂ ਜੇਲ੍ਹ ਦੀਆਂ ਉੱਚੀਆਂ ਕੰਧਾਂ ਅਤੇ ਸਖ਼ਤ ਪਹਿਰੇ ਦੇ ਬਾਵਜੂਦ ਅੰਦਰ ਕਿਵੇਂ ਪਹੁੰਚੀਆਂ। ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਵੱਲੋਂ ਭੇਜੇ ਗਏ ਵੱਖ-ਵੱਖ ਪੱਤਰਾਂ ਰਾਹੀਂ ਇਸ ਬਰਾਮਦਗੀ ਦੀ ਪੁਸ਼ਟੀ ਕੀਤੀ ਗਈ ਹੈ। 18 ਅਪ੍ਰੈਲ 2026 ਨੂੰ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਹਵਾਲਾਤੀ ਅਲਬਖਸ਼ ਸਿੰਘ ਉਰਫ ਕਾਕਾ ਤੋਂ ਇਕ ਟੱਚ ਸਕਰੀਨ ਮੋਬਾਇਲ ਬਰਾਮਦ ਹੋਇਆ। ਇਸੇ ਤਰ੍ਹਾਂ ਹਵਾਲਾਤੀ ਗੁਲਸ਼ਨ ਸਿੰਘ ਕੋਲੋਂ ਤੰਬਾਕੂ ਦੀਆਂ ਪੁੜੀਆਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਾਰਤ ਨਗਰ ਬਸਤੀ ਭੱਟੀਆਂ ਵਾਲੀ ਦੇ ਕਬਜ਼ੇ ਵਿੱਚੋਂ ਪੁਲਿਸ ਨੂੰ 6 ਮੋਬਾਇਲ ਫੋਨ ਅਤੇ 54 ਤੰਬਾਕੂ ਦੀਆਂ ਪੁੜੀਆਂ ਮਿਲੀਆਂ। ਇਸ ਤੋਂ ਇਲਾਵਾ ਹਵਾਲਾਤੀ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜੱਲੇ ਕੇ, ਪ੍ਰਭਜੀਤ ਸਿੰਘ ਉਰਫ ਪ੍ਰਭਦੀਪ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਬਜੀਦਪੁਰ (ਮੱਲਵਾਲ ਕਦੀਮ), ਗੁਰਜਿੰਦਰ ਸਿੰਘ ਉਰਫ ਨਿੱਕਾ ਪੁੱਤਰ ਸੁੱਚਾ ਸਿੰਘ ਵਾਸੀ ਝੋੜਾ ਬੇਗੂ ਪੁਰਾਨ, ਹਰਨੇਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਿਲੀਵਿੰਡ ਥਾਣਾ ਮਖੂ, ਜ਼ਿਲ੍ਹਾ ਫਿਰੋਜ਼ਪੁਰ ਅਤੇ ਅੱਛਰ ਸਿੰਘ ਪੁੱਤਰ ਖੁਸ਼ੀ ਰਾਮ ਬਸਤੀ ਬਾਲਮੀਕ ਦਾਖਲੀ ਪਿੰਡ ਹਸਤੀ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਕੋਲੋਂ ਵੀ ਇੱਕ-ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਸਿਰਫ਼ ਮੋਬਾਇਲ ਹੀ ਨਹੀਂ, ਬਲਕਿ ਜੇਲ੍ਹ ਅੰਦਰ ਨਸ਼ਿਆਂ ਦੀ ਸਪਲਾਈ ਵੀ ਜਾਰੀ ਹੈ। ਤਲਾਸ਼ੀ ਦੌਰਾਨ ਗੁਰਦਾਸਪੁਰ ਦੇ ਰਹਿਣ ਵਾਲੇ ਹਵਾਲਾਤੀ ਜਗਮੀਤ ਸਿੰਘ ਦੇ ਬਿਸਤਰੇ ਹੇਠੋਂ 15 ਗ੍ਰਾਮ ਬਰਾਊਨ ਰੰਗ ਦਾ ਨਸ਼ੀਲਾ ਪਦਾਰਥ ਮਿਲਿਆ, ਜੋ ਦੇਖਣ ਵਿਚ ‘ਬਰਾਊਨ ਸ਼ੂਗਰ’ ਵਰਗਾ ਪ੍ਰਤੀਤ ਹੁੰਦਾ ਹੈ। ਪੁਲਿਸ ਨੇ 9 ਮੁਲਜ਼ਮਾਂ ਖਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਚ 52-ਏ ਅਤੇ 42 ਪਰੀਸੰਨਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਗੈਰ-ਕਾਨੂੰਨੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਜਾ ਸਕੇ।