- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
189 ਗ੍ਰਾਮ ਹੈਰੋਇਨ, ਸਕੂਟਰੀ, ਮੋਬਾਈਲ ਫੋਨ ਅਤੇ ਨਸ਼ਾ ਕਰਨ ਵਾਲੇ ਸਾਮਾਨ ਸਮੇਤ 10 ਗ੍ਰਿਫਤਾਰ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਐੱਸਐੱਸਪੀ ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਗਸ਼ਤ ਅਤੇ ਚੈਕਿੰਗ ਦੌਰਾਨ ਵੱਖ-ਵੱਖ ਮਾਮਲਿਆਂ ਵਿਚ ਕਾਰਵਾਈ ਕਰਦਿਆਂ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 189 ਗ੍ਰਾਮ ਹੈਰੋਇਨ, ਸਕੂਟਰੀ, ਮੋਬਾਈਲ ਫੋਨ ਅਤੇ ਨਸ਼ਾ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿਚ ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਛਾਉਣੀ, ਥਾਣਾ ਸਦਰ ਫਿਰੋਜ਼ਪੁਰ, ਥਾਣਾ ਮਮਦੋਟ, ਥਾਣਾ ਕੁੱਲਗੜ੍ਹੀ ਅਤੇ ਥਾਣਾ ਤਲਵੰਡੀ ਭਾਈ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਥਾਣਾ ਸਿਟੀ ਫਿਰੋਜ਼ਪੁਰ ਦੇ ਏਐੱਸਆਈ ਸਤਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਗੋਪਾਲ ਪੁੱਤਰ ਬਿੱਟੂ ਵਾਸੀ ਬਸਤੀ ਸ਼ੇਖਾਂ ਵਾਲੀ ਅਤੇ ਅਕਾਸ਼ ਪੁੱਤਰ ਬਲਦੇਵ ਵਾਸੀ ਜਨਤਾ ਪ੍ਰੀਤ ਨਗਰ ਨੂੰ ਹੈਰੋਇਨ ਦਾ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ। ਉਨ੍ਹਾਂ ਕੋਲੋਂ ਇਕ ਸਿਲਵਰ ਪੰਨੀ ਹੈਰੋਇਨ ਲੱਗੀ ਹੋਈ, ਪਲਾਸਟਿਕ ਦੀ ਪਾਈਪ ਅਤੇ ਲਾਈਟਰ ਬਰਾਮਦ ਹੋਇਆ। ਥਾਣਾ ਛਾਉਣੀ ਦੇ ਏਐੱਸਆਈ ਭੁਪਿੰਦਰ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਵੀਰੂ ਪੁੱਤਰ ਕਰਮਚੰਦ ਵਾਸੀ ਫੱਤੂ ਵਾਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਦਰ ਫਿਰੋਜ਼ਪੁਰ ਏਐੱਸਆਈ ਜਸਪਾਲ ਸਿੰਘ ਨੇ ਅਨਮੋਲ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਵਾਹਗੇ ਵਾਲਾ ਨੂੰ ਗ੍ਰਿਫਤਾਰ ਕਰਕੇ 9 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਏਐੱਸਆਈ ਵਿਨੋਦ ਕੁਮਾਰ ਨੇ ਛਾਪੇਮਾਰੀ ਕਰਕੇ ਸਾਹਿਲ ਪੁੱਤਰ ਪਾਲਾ ਵਾਸੀ ਕੁੰਡੇ ਨੂੰ ਗ੍ਰਿਫਤਾਰ ਕੀਤਾ, ਜਿਸ ਕੋਲੋਂ 2 ਗ੍ਰਾਮ ਹੈਰੋਇਨ, 10 ਰੁਪਏ ਦਾ ਨੋਟ, ਸਿਲਵਰ ਪੰਨੀ ਅਤੇ ਲਾਈਟਰ ਬਰਾਮਦ ਹੋਇਆ। ਥਾਣਾ ਮਮਦੋਟ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਬੱਸ ਅੱਡਾ ਮੋਹਰੇਵਾਲਾ ਤੋਂ ਹਰਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਭਾਗਥਲਾ ਨੂੰ ਗ੍ਰਿਫਤਾਰ ਕਰਕੇ 2 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਕੁੱਲਗੜ੍ਹੀ ਏਐੱਸਆਈ ਜਸਵਿੰਦਰ ਸਿੰਘ ਨੇ ਮੋਗਾ-ਫਿਰੋਜ਼ਪੁਰ ਰੋਡ ਨੇੜੇ ਬਾਬਾ ਜੀਨ ਸਿੰਘ ਵਾਲੀ ਤੋਂ ਅਨਿਲ ਉਰਫ ਨੀਲੂ ਪੁੱਤਰ ਲਵੈਲ ਸਿੰਘ ਵਾਸੀ ਮਾਣਾ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ 19 ਗ੍ਰਾਮ ਹੈਰੋਇਨ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ। ਸੀਆਈਏ ਸਟਾਫ ਫਿਰੋਜ਼ਪੁਰ ਦੇ ਏਐੱਸਆਈ ਬੋਹੜ ਸਿੰਘ ਨੇ ਸਰਬਜੀਤ ਸਿੰਘ ਉਰਫ ਕਾਲੀ ਪੁੱਤਰ ਆਤਮਾ ਸਿੰਘ ਵਾਸੀ ਬਸਤੀ ਭਾਨੇ ਵਾਲੀ ਨੂੰ 80 ਗ੍ਰਾਮ ਹੈਰੋਇਨ ਸਮੇਤ ਅਤੇ ਬਲਕਾਰ ਸਿੰਘ ਉਰਫ ਬੱਬੂ ਪੁੱਤਰ ਪਿਆਰਾ ਸਿੰਘ ਵਾਸੀ ਸਾਬੂਆਣਾ ਨੂੰ 70 ਗ੍ਰਾਮ ਹੈਰੋਇਨ, ਇਕ ਸਕੂਟਰੀ ਅਤੇ ਦੋ ਮੋਬਾਈਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ। ਥਾਣਾ ਤਲਵੰਡੀ ਭਾਈ ਦੇ ਏਐੱਸਆਈ ਸੁਦੇਸ਼ ਕੁਮਾਰ ਨੇ ਅਜੀਤ ਨਗਰ ਵਿਚ ਛਾਪੇਮਾਰੀ ਕਰਕੇ ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਗ੍ਰਿਫਤਾਰ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।