ਟਰਾਂਸਫਾਰਮਰ ਤੋਂ ਲੱਗੀ ਅੱਗ ਨਾਲ 10 ਏਕੜ ਨਾੜ ਸੜਿਆ
ਟਰਾਂਸਫਾਰਮਰ ਤੋਂ ਲੱਗੀ ਅੱਗ ਨਾਲ 10 ਏਕੜ ਨਾੜ ਸੜਿਆ
Publish Date: Sat, 18 Apr 2026 06:42 PM (IST)
Updated Date: Sat, 18 Apr 2026 06:45 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ: ਪਿੰਡ ਕਮਾਲਾ ਬੋਦਲਾ ਵਿਚ ਟਰਾਂਸਫਾਰਮਰ ਤੋਂ ਡਿੱਗੇ ਚੰਗਿਆੜੇ ਕਾਰਨ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਅੱਗ ਨਾਲ ਕਰੀਬ 10 ਕਿੱਲੇ ਨਾੜ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਮੁਤਾਬਕ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ। ਅਚਾਨਕ ਟਰਾਂਸਫਾਰਮਰ ਤੋਂ ਨਿਕਲੀ ਚੰਗਿਆੜੀ ਸੁੱਕੇ ਨਾੜ ’ਤੇ ਡਿੱਗ ਗਈ। ਅੱਗ ਦੀ ਲਪੇਟ ਵਿਚ ਆਏ ਖੇਤ ਸੁਖਦੇਵ ਸਿੰਘ ਦੇ ਮਾਲਕੀ ਕਰੀਬ ਸੱਤ ਕਿੱਲੇ ਅਤੇ ਸਾਜਨ ਮੌਂਗਾ ਦੇ ਕਰੀਬ ਤਿੰਨ ਕਿੱਲੇ ਜੋ ਉਸ ਨੇ ਠੇਕੇ ਤੇ ਲਏ ਹੋਏ ਹਨ। ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਤੁਰੰਤ ਮੌਕੇ ’ਤੇ ਇਕੱਠੇ ਹੋ ਕੇ ਟਰੈਕਟਰਾਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਲੰਬੀ ਜੱਦੋਜਹਿਦ ਤੋਂ ਬਾਅਦ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਵਿੱਚ ਯੋਗਦਾਨ ਪਾਇਆ। ਜੇ ਸਮੇਂ ਸਿਰ ਕਾਬੂ ਨਾ ਕੀਤਾ ਜਾਂਦਾ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਸੀ।ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਕਣਕ ਦਾ ਨਾੜ ਖੜਾ ਸੀ, ਜਿਸ ਦੀ ਅਜੇ ਤੂੜੀ ਬਣਾਉਣੀ ਸੀ। ਕਿਸਾਨਾਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਦੀ ਸਮੇਂ-ਸਮੇਂ ਜਾਂਚ ਕੀਤੀ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।