ਫਾਜ਼ਿਲਕਾ ਫਿਰੋਜ਼ਪੁਰ ਹਾਈਵੇਅ 'ਤੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਫਾਜ਼ਿਲਕਾ ਫਿਰੋਜ਼ਪੁਰ ਹਾਈਵੇਅ 'ਤੇ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
Publish Date: Sat, 07 Feb 2026 04:08 PM (IST)
Updated Date: Sat, 07 Feb 2026 04:11 PM (IST)

ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ’ਤੇ ਰਿਲਾਇੰਸ ਪੰਪ ਦੇ ਨੇੜੇ ਸੜਕ ਹਾਦਸੇ ਮੋਟਰਸਾਈਕਲ ਸਵਾਰ ਰਮੇਸ਼ ਸਿੰਘ ਦੀ ਮੌਤ ਹੋ ਗਈ। ਰਮੇਸ਼ ਸਿੰਘ ਪਿੰਡ ਛੋਟੇ ਟਿਵਾਣਾ ਦਾ ਰਹਿਣ ਵਾਲਾ ਸੀ। ਕਾਰ-ਮੋਟਰਸਾਈਕਲ ਦੀ ਟੱਕਰ ਇੰਨੀ ਭਿਆਨਕ ਸੀ ਕਿ ਰਮੇਸ਼ ਸਿੰਘ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਉਸ ਨੂੰ ਤੁਰੰਤ ਜਲਾਲਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਰਮੇਸ਼ ਸਿੰਘ ਦੀ ਮਾਂ ਨੇ ਇਸ ਨੂੰ ਹਾਦਸਾ ਮੰਨਣ ਤੋਂ ਇਨਕਾਰ ਕਰ ਦਿੱਤਾ। ਮਾਂ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਪਰਵਿੰਦਰ ਕੌਰ ਨੇ ਆਪਣੇ ਪੇਕੇ ਪਰਿਵਾਰ ਨਾਲ ਮਿਲ ਕੇ ਰਮੇਸ਼ ਸਿੰਘ ਦਾ ਕਤਲ ਕਰਵਾਇਆ ਹੈ। ਮਾਂ ਅਨੁਸਾਰ ਪਰਵਿੰਦਰ ਕੌਰ ਦੇ ਕਿਸੇ ਫੌਜੀ ਨਾਲ ਕਥਿਤ ਸਬੰਧ ਚੱਲ ਰਹੇ ਸਨ ਅਤੇ ਇਸੇ ਵਿਵਾਦ ਦੇ ਚੱਲਦਿਆਂ ਉਸ ਨੇ ਰਮੇਸ਼ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮਾਂ ਦਾ ਦਾਅਵਾ ਹੈ ਕਿ ਪਰਵਿੰਦਰ ਕੌਰ ਦੇ ਪਿਤਾ ਨਾਨਕ ਸਿੰਘ ਅਤੇ ਉਸ ਦੇ ਭਰਾਵਾਂ ਨੇ ਵੀ ਰਮੇਸ਼ ਸਿੰਘ ਨੂੰ ਧਮਕਾਇਆ ਸੀ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਪਰਵਿੰਦਰ ਕੌਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪਰਵਿੰਦਰ ਕੌਰ ਦਾ ਕਹਿਣਾ ਹੈ ਕਿ ਰਮੇਸ਼ ਸਿੰਘ ਸਵੇਰੇ ਹੀ ਉਸ ਨੂੰ ਮਿਲ ਕੇ ਗਿਆ ਸੀ ਅਤੇ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਕਿਹਾ ਕਿ ਸਹੁਰਾ ਪੱਖ ਦੇ ਲੋਕ ਉਸ ’ਤੇ ਨਾਜਾਇਜ਼ ਇਲਜ਼ਾਮ ਲਗਾ ਰਹੇ ਹਨ। ਫਿਲਹਾਲ ਪੁਲਿਸ ਨੇ ਰਮੇਸ਼ ਸਿੰਘ ਦੀ ਦੇਹ ਨੂੰ ਫਾਜ਼ਿਲਕਾ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਇਹ ਸਿਰਫ਼ ਇੱਕ ਹਾਦਸਾ ਸੀ ਜਾਂ ਕੋਈ ਸਾਜ਼ਿਸ਼।