ਵਿਧਵਾ ਭਲਾਈ ਸੁਸਾਇਟੀ ਨੇ ਪੈਨਸ਼ਨ ਤੇ ਸਨਮਾਨ ਵੰਡ ਸਮਾਰੋਹ ਕਰਵਾਇਆ
ਵਿਧਵਾ ਭਲਾਈ ਸੁਸਾਇਟੀ ਵੱਲੋਂ ਪੈਨਸ਼ਨ ਅਤੇ ਸਨਮਾਨ ਵੰਡ ਸਮਾਰੋਹ ਦਾ ਆਯੋਜਨ
Publish Date: Sun, 04 Jan 2026 05:13 PM (IST)
Updated Date: Sun, 04 Jan 2026 05:14 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਸਥਾਨਕ ਸਮਾਜ ਸੇਵੀ ਸੰਸਥਾ ਵਿਧਵਾ ਭਲਾਈ ਸੁਸਾਇਟੀ ਵੱਲੋਂ ਅੱਜ ਸਥਾਨਕ ਸ੍ਰੀ ਰਾਮ ਸ਼ਰਨਮ ਮੰਦਰ ਵਿਖੇ ਮਾਸਿਕ ਪੈਨਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਰਾਮ ਸ਼ਰਨਮ ਆਸ਼ਰਮ ਦੇ ਸਥਾਨਕ ਮੁਖੀ ਅਸ਼ੋਕ ਅਨੇਜਾ ਵੱਲੋਂ ਕੀਤੀ ਗਈ, ਜਿਨ੍ਹਾਂ ਦੀ ਅਗਵਾਈ ਹੇਠ ਲੋੜਵੰਦ ਔਰਤਾਂ ਨੂੰ ਘਰੇਲੂ ਵਰਤੋਂ ਦਾ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਦੇ ਨਾਲ ਹੀ ਠੰਢ ਦੇ ਮੌਸਮ ਨੂੰ ਮੁੱਖ ਰੱਖਦਿਆਂ ਔਰਤਾਂ ਨੂੰ ਗਰਮ ਕੱਪੜੇ ਵੀ ਵੰਡੇ ਗਏ। ਇਸ ਮੌਕੇ ਰਾਮ ਅਸ਼ੋਕ ਅਨੇਜਾ ਅਤੇ ਅਸ਼ੋਕ ਅਨੇਜਾ ਟੀਮ ਨੇ ਔਰਤਾਂ ਨੂੰ ਭਰੋਸਾ ਦਿਵਾਇਆ ਕਿ ਸੰਸਥਾ ਸਮਾਜ ਦੇ ਕਮਜ਼ੋਰ ਵਰਗ ਦੀ ਸਹਾਇਤਾ ਲਈ ਨਿਰੰਤਰ ਕਾਰਜ ਕਰਦੀ ਰਹੇਗੀ। ਸ੍ਰੀ ਰਾਮ ਸ਼ਰਨਮ ਦੇ ਮੁਖੀ ਅਸ਼ੋਕ ਅਨੇਜਾ ਨੇ ਕਿਹਾ ਕਿ ਵਿਧਵਾ ਔਰਤਾਂ ਨੂੰ ਸਨਮਾਨ ਅਤੇ ਸਹਾਇਤਾ ਦੇਣਾ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਵਿਧਵਾ ਭਲਾਈ ਸੁਸਾਇਟੀ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਲਈ ਵਚਨਬੱਧ ਹੈ। ਪ੍ਰੋਗਰਾਮ ਦੌਰਾਨ ਔਰਤਾਂ ਨੇ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੰਦਰ ਕੰਪਲੈਕਸ ਵਿੱਚ ਕੀਤੀ ਗਈ ਇਸ ਪਹਿਲ ਨੂੰ ਸਮਾਜ ਲਈ ਪ੍ਰੇਰਨਾਦਾਇਕ ਦੱਸਿਆ। ਸਮਾਗਮ ਵਿੱਚ ਮੌਜੂਦ ਪਤਵੰਤੇ ਮੈਂਬਰਾਂ, ਸੇਵਾਦਾਰਾਂ ਅਤੇ ਸੰਗਤਾਂ ਨੇ ਇਸ ਨੇਕ ਕਾਰਜ ਵਿੱਚ ਸਹਿਯੋਗ ਦਿੱਤਾ, ਜਿਸ ਸਦਕਾ ਸਮਾਗਮ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਮੌਕੇ ਸ੍ਰੀ ਰਾਮ ਸ਼ਰਨਮ ਨਗਰ ਦੇ ਸਰਪੰਚ ਸੰਜੀਵ ਪਰੂਥੀ ਟਿੱਕਣ, ਰਾਕੇਸ਼ ਨਾਗਪਾਲ ਕੈਂਡੀ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।