ਅਬੋਹਰ ਦਾ ਅਗਲਾ ਮੇਅਰ ਕੌਣ? ਮਹਿਲਾ ਆਗੂਆਂ ਵਿਚਾਲੇ ਸਰਗਰਮੀਆਂ ਤੇਜ਼
ਅਬੋਹਰ ਦਾ ਅਗਲਾ ਮੇਅਰ ਕੌਣ? ਮਹਿਲਾ ਆਗੂਆਂ ਵਿਚਾਲੇ ਸਰਗਰਮੀਆਂ ਤੇਜ਼, ਭਾਜਪਾ ਦੇ ਫ਼ੈਸਲੇ 'ਤੇ ਸਭ ਦੀ ਨਜ਼ਰ
Publish Date: Mon, 08 Jun 2026 07:09 PM (IST)
Updated Date: Mon, 08 Jun 2026 07:11 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਅਬੋਹਰ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਮੇਅਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਮਗਰੋਂ ਨਗਰ ਨਿਗਮ ਵਿੱਚ ਨਵੇਂ ਮੇਅਰ ਦੀ ਤਾਜਪੋਸ਼ੀ ਨੂੰ ਲੈ ਕੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਵਾਰ ਮੇਅਰ ਦਾ ਅਹੁਦਾ ਜਨਰਲ ਵਰਗ ਲਈ ਰਾਖਵਾਂ ਰੱਖਿਆ ਗਿਆ ਹੈ, ਜਿਸ ਕਾਰਨ ਮਰਦ ਅਤੇ ਮਹਿਲਾ ਦੋਵੇਂ ਵਰਗਾਂ ਦੇ ਚੁਣੇ ਹੋਏ ਕੌਂਸਲਰ ਦਾਅਵੇਦਾਰ ਬਣ ਸਕਦੇ ਹਨ। ਨਗਰ ਨਿਗਮ ਦੀਆਂ 50 ਸੀਟਾਂ ਵਿੱਚੋਂ 28 ਸੀਟਾਂ ਜਿੱਤ ਕੇ ਭਾਜਪਾ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਇਸ ਕਾਰਨ ਮੇਅਰ ਦਾ ਅਹੁਦਾ ਭਾਜਪਾ ਦੀ ਝੋਲੀ ਵਿੱਚ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ 20, ਕਾਂਗਰਸ ਦੇ ਇੱਕ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਮਹਿਲਾ ਚਿਹਰੇ ਨੂੰ ਲੈ ਕੇ ਚਰਚਾ ਮੇਅਰ ਦੀ ਦੌੜ ਵਿੱਚ ਤਿੰਨ ਮਹਿਲਾ ਕੌਂਸਲਰਾਂ ਦੇ ਨਾਮ ਸਭ ਤੋਂ ਵੱਧ ਚਰਚਾ ਵਿੱਚ ਹਨ। ਸਿਆਸੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਸ਼ਹਿਰ ਨੂੰ ਪਹਿਲੀ ਵਾਰ ਇੱਕ ਮਹਿਲਾ ਮੇਅਰ ਵੀ ਦੇ ਸਕਦੀ ਹੈ। ਨਮਿਤਾ ਸੇਤੀਆ ਦਾ ਨਾਮ ਸਭ ਤੋਂ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਹੈ। ਉਹ ਲਗਾਤਾਰ ਦੂਜੀ ਵਾਰ ਕੌਂਸਲਰ ਚੁਣੀ ਗਈ ਹੈ। 2021 ਵਿੱਚ ਪਹਿਲੀ ਵਾਰ ਚੋਣ ਜਿੱਤਣ ਤੋਂ ਬਾਅਦ ਇਸ ਵਾਰ ਵੀ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਕੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦੀ ਸਿਆਸੀ ਪਕੜ ਅਤੇ ਤਜਰਬਾ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਬਣਾਉਂਦਾ ਹੈ। ਪੂਜਾ ਵਧਵਾ ਵੀ ਮੇਅਰ ਦੀ ਦੌੜ ਵਿੱਚ ਅਹਿਮ ਨਾਮ ਮੰਨੀ ਜਾ ਰਹੀ ਹੈ। ਭਾਵੇਂ ਉਹ ਪਹਿਲੀ ਵਾਰ ਕੌਂਸਲਰ ਬਣੀ ਹੈ, ਪਰ ਉਨ੍ਹਾਂ ਦੇ ਪਤੀ ਨਰੇਸ਼ ਵਧਵਾ ਚਾਰ ਵਾਰ ਕੌਂਸਲਰ ਰਹਿ ਚੁੱਕੇ ਹਨ। ਰਾਜਨੀਤਿਕ ਤਜਰਬੇ ਅਤੇ ਪਰਿਵਾਰ ਦੀ ਮਜ਼ਬੂਤ ਪਿਛੋਕੜ ਉਨ੍ਹਾਂ ਦੇ ਹੱਕ ਵਿੱਚ ਮੰਨੀ ਜਾ ਰਹੀ ਹੈ। ਸੋਨੀਆ ਮਿੱਢਾ ਅਰੋੜਾ ਦਾ ਨਾਮ ਵੀ ਚਰਚਾ ਵਿੱਚ ਹੈ। ਉੱਚ ਸਿੱਖਿਆ ਪ੍ਰਾਪਤ ਸੋਨੀਆ ਮਿੱਢਾ ਇੱਕ ਨਿੱਜੀ ਸਕੂਲ ਚਲਾ ਰਹੀ ਹੈ। ਉਨ੍ਹਾਂ ਦੇ ਪਤੀ ਪੁਨੀਤ ਅਰੋੜਾ ਨੂੰ ਜਾਖੜ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਨੂੰ ਵੀ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਵਿਜੇ ਛਾਬੜਾ ਵੀ ਮਜ਼ਬੂਤ ਪੁਰਸ਼ ਦਾਅਵੇਦਾਰ ਜੇਕਰ ਭਾਜਪਾ ਮਹਿਲਾ ਦੀ ਬਜਾਏ ਪੁਰਸ਼ ਚਿਹਰੇ ਤੇ ਦਾਅ ਲਗਾਉਂਦੀ ਹੈ ਤਾਂ ਕੌਂਸਲਰ ਵਿਜੇ ਛਾਬੜਾ ਦਾ ਨਾਮ ਸਭ ਤੋਂ ਅੱਗੇ ਨਜ਼ਰ ਆ ਰਿਹਾ ਹੈ। ਉਹ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ ਅਤੇ ਨਗਰ ਨਿਗਮ ਦੇ ਕੰਮਕਾਜ ਦਾ ਤਜਰਬਾ ਰੱਖਦੇ ਹਨ। ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਹੈ ਕਿ ਜੇਕਰ ਮਹਿਲਾ ਉਮੀਦਵਾਰਾਂ ਵਿਚਾਲੇ ਸਹਿਮਤੀ ਨਾ ਬਣੀ ਤਾਂ ਪਾਰਟੀ ਵਿਜੇ ਛਾਬੜਾ ਨੂੰ ਮੇਅਰ ਬਣਾਉਣ ਦਾ ਫ਼ੈਸਲਾ ਕਰ ਸਕਦੀ ਹੈ। ਸੁਨੀਲ ਜਾਖੜ ਅਤੇ ਸੰਦੀਪ ਜਾਖੜ ਦੀ ਭੂਮਿਕਾ ਅਹਿਮ ਭਾਵੇਂ ਮੇਅਰ ਦੀ ਚੋਣ ਚੁਣੇ ਹੋਏ ਕੌਂਸਲਰਾਂ ਵੱਲੋਂ ਕੀਤੀ ਜਾਵੇਗੀ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅੰਤਿਮ ਫ਼ੈਸਲੇ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ, ਖਾਸ ਕਰਕੇ ਸੁਨੀਲ ਜਾਖੜ ਅਤੇ ਵਿਧਾਇਕ ਸੰਦੀਪ ਜਾਖੜ ਦੀ ਭੂਮਿਕਾ ਅਹਿਮ ਰਹੇਗੀ। ਪਾਰਟੀ ਜਿਸ ਨਾਮ ਤੇ ਸਹਿਮਤੀ ਬਣਾਏਗੀ, ਉਸ ਦੇ ਮੇਅਰ ਬਣਨ ਦੀ ਸੰਭਾਵਨਾ ਸਭ ਤੋਂ ਵੱਧ ਹੋਵੇਗੀ। ਮੇਅਰ ਦੀ ਕੁਰਸੀ ਸਾਹਮਣੇ ਵੱਡੀਆਂ ਚੁਣੌਤੀਆਂ ਨਵੇਂ ਮੇਅਰ ਲਈ ਰਾਹ ਆਸਾਨ ਨਹੀਂ ਹੋਵੇਗਾ। ਸ਼ਹਿਰ ਵਿੱਚ ਸਫ਼ਾਈ, ਸੀਵਰੇਜ, ਪੀਣ ਵਾਲੇ ਪਾਣੀ, ਟੁੱਟੀਆਂ ਸੜਕਾਂ ਅਤੇ ਵਿਕਾਸ ਕਾਰਜਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਮੌਜੂਦ ਹਨ। ਇਸ ਤੋਂ ਇਲਾਵਾ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਨਿਗਮ ਵਿੱਚ ਭਾਜਪਾ ਦੇ ਬੋਰਡ ਦੀ ਸਥਿਤੀ ਵੀ ਵਿਕਾਸ ਕਾਰਜਾਂ ਲਈ ਚੁਣੌਤੀ ਬਣ ਸਕਦੀ ਹੈ। ਅਜਿਹੇ ਵਿੱਚ ਨਵੇਂ ਮੇਅਰ ਲਈ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਵੱਡੀ ਜ਼ਿੰਮੇਵਾਰੀ ਹੋਵੇਗੀ।