ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘਟੀ, ਆਮ ਜਨ-ਜੀਵਨ ਪ੍ਰਭਾਵਿਤ
ਸੰਘਣੀ ਧੁੰਦ ਦੇ ਕਾਰਨ ਵਿਜ਼ੀਬਿਲਟੀ ਘਟੀ, ਕੜਾਕੇ ਦੀ ਠੰਡ ਨੇ ਆਮ ਜਨਜੀਵਨ ਕੀਤਾ ਪ੍ਰਭਾਵਿਤ
Publish Date: Mon, 05 Jan 2026 04:39 PM (IST)
Updated Date: Mon, 05 Jan 2026 04:41 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਪਿਛਲੇ ਇੱਕ ਹਫ਼ਤੇ ਤੋਂ ਠੰਢ ਆਪਣਾ ਪੂਰਾ ਅਸਰ ਦਿਖਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਦਿਨ-ਰਾਤ ਅਸਮਾਨ ਵਿੱਚ ਧੁੰਦ ਛਾਈ ਰਹਿਣ ਨਾਲ ਸੀਤ ਲਹਿਰ ਜਾਰੀ ਹੈ। ਜਦੋਂ ਕਿ ਕੁਝ ਦਿਨ ਪਹਿਲਾ ਮੀਂਹ ਪੈਣ ਕਾਰਨ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿੱਚੋਂ ਧੁੰਦ ਸਾਫ਼ ਹੋ ਗਈ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਹਾਲੇ ਵੀ ਘਟੀਆ ਨਹੀਂ ਹਨ। ਆਸਮਾਨ ਚ ਬੱਦਲ ਛਾਏ ਰਹਿਣ ਕਾਰਨ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਧੁੱਪ ਦਿਖਾਈ ਨਹੀਂ ਦੇ ਰਹੀ ਸੀ ਅਤੇ ਦਿਨ-ਰਾਤ ਵਧਦੀ ਠੰਢ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਇਸ ਦੇ ਨਾਲ ਹੀ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਠੰਢ ਤੋਂ ਬਚਣ ਲਈ ਲੋਕ ਗਰਮ ਕੱਪੜਿਆਂ ਦੇ ਨਾਲ-ਨਾਲ ਅੱਗ ਜਾਂ ਹੀਟਰ ਦਾ ਸਹਾਰਾ ਲੈ ਰਹੇ ਹਨ। ਸੀਤ ਲਹਿਰ ਕਾਰਨ ਲੋਕ ਘਰਾਂ ਵਿਚ ਵੀ ਲੁਕੇ ਹੋਏ ਹਨ, ਜਿਸ ਕਾਰਨ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ। ਮੌਸਮ ਵਿਭਾਗ ਵੱਲੋਂ ਜਿੱਥੇ ਸਰਦੀਆਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ, ਉੱਥੇ ਹੀ ਫਾਜ਼ਿਲਾਕ ਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਧੁੰਦ ਦੇ ਨਾਲ-ਨਾਲ ਚੱਲ ਰਹੀ ਠੰਢੀ ਹਵਾ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕਾਰ ਚਾਲਕਾਂ ਨੂੰ ਸਵੇਰੇ 9 ਵਜੇ ਤੱਕ ਵੀ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਦੀ ਮਦਦ ਨਾਲ ਹਾਈਵੇਅ ਤੇ ਸਫ਼ਰ ਕਰਨਾ ਪੈ ਰਿਹਾ ਹੈ। ਦੁਕਾਨਦਾਰ ਨਿਤਿਨ ਕਾਮਰਾ ਤੇ ਦੀਪਕ ਗਿਲਹੋਤਰਾ ਨੇ ਦੱਸਿਆ ਕਿ ਉਹ ਦੁਕਾਨ ਦਾਰੀ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਸਾਰਾ ਦਿਨ ਇੰਨੀ ਠੰਢ ਰਹਿੰਦੀ ਹੈ ਕਿ ਉਸ ਨੂੰ ਆਪਣੇ ਸਰੀਰ ਨੂੰ ਜ਼ਿਆਦਾ ਕੱਪੜਿਆਂ ਨਾਲ ਢੱਕਣਾ ਪੈਂਦਾ ਹੈ। ਇਸ ਦੇ ਬਾਵਜੂਦ ਉਹ ਹਰ ਰੋਜ਼ ਹੀਟਰ ਅੱਗੇ ਬੈਠੇ ਰਹਿੰਦੇ ਹਨ। ਦੂਜੇ ਪਾਸੇ ਹਾਈਵੇਅ ’ਤੇ ਮੂੰਗਫਲੀ ਤੇ ਫਲਾਂ ਦਾ ਕੰਮ ਕਰਨ ਵਾਲੇ ਮੁਹੰਮਦ ਅਖ਼ਤਰ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਠੰਢ ਪਹਿਲਾਂ ਨਾਲੋਂ ਵੱਧ ਗਈ ਹੈ। ਕਿਉਂਕਿ ਹੁਣ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋਈ ਹੈ, ਉਹੀ ਵਾਹਨ ਆਪਣੀਆਂ ਲਾਈਟਾਂ ਜਗਾ ਕੇ ਲੰਘ ਰਹੇ ਹਨ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਰੁਜ਼ਗਾਰ ਲਈ ਸੜਕ ਕਿਨਾਰੇ ਸਾਮਾਨ ਲਗਾ ਕੇ ਬੈਠਾ ਹੈ। ਪਰ ਲੋਕਾਂ ਨੂੰ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਠੰਢ ਹੈ। ਬਿਨਾਂ ਵਜ੍ਹਾ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ : ਗਗਨ ਚੁੱਘ ਸਮਾਜਸੇਵੀ ਗਗਨ ਚੁੱਘ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਵਿਜ਼ੀਬਿਲਟੀ ਘਟ ਹੋਣ ਕਾਰਨ ਬਿਨਾਂ ਵਜ੍ਹਾ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਦੱਸ ਦੇਈਏ ਕਿ ਫਾਜ਼ਿਲਕਾ ਵਿੱਚ ਪਿਛਲੇ ਪੰਜ ਦਿਨਾਂ ਤੋਂ ਸੂਰਜ ਨਹੀਂ ਚੜ੍ਹਿਆ ਹੈ ਅਤੇ ਅੱਜ ਧੁੰਦ ਦੀ ਚਾਦਰ ਇਸ ਹੱਦ ਤੱਕ ਫੈਲ ਗਈ ਹੈ ਕਿ ਕਾਰੋਬਾਰ ਦੇ ਨਾਲ-ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ।ਲੋਕ ਠੰਢ ਤੋਂ ਬਚਣ ਲਈ ਬੱਚਿਆਂ ਨੂੰ ਵੀ ਘਰਾਂ ਚ ਰੱਖੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬੱਚੇ ਤੇ ਬਜ਼ੁਰਗ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲਣ : ਡਾ. ਗੋਇਲ ਸਹਾਇਕ ਸਿਵਲ ਸਰਜਨ ਡਾ.ਰੋਹਿਤ ਗੋਇਲ ਨੇ ਦੱਸਿਆ ਕਿ ਇਸ ਸਬੰਧੀ ਲੋਕਾਂ ਨੂੰ ਸੁਚੇਤ ਰਹਿਣ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਆਪ ਦੇ ਨਾਲ-ਨਾਲ ਪਸ਼ੂਆਂ, ਫ਼ਸਲਾਂ ਅਤੇ ਹੋਰ ਵਸਤੂਆਂ ਦੀ ਸੰਭਾਲ ਲਈ ਮੁਕੰਮਲ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਜ਼ੁਕਾਮ ਤੋਂ ਬਚਾਅ ਵੀ ਬਹੁਤ ਜ਼ਰੂਰੀ ਹੈ। ਇਸ ਲਈ ਜਦੋਂ ਵੀ ਲੋਕ ਘਰੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਸਰਦੀਆਂ ਦੇ ਕੱਪੜੇ ਹੀ ਪਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਠੰਢਾ ਪਾਣੀ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਲੂ, ਨੱਕ ਵਗਣਾ ਜਾਂ ਹੋਰ ਬਿਮਾਰੀਆਂ ਦੇ ਲੱਛਣ ਹੋਣ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।