ਜਲਾਲਾਬਾਦ ਵਿਖੇ ਕਬੱਡੀ ਕੱਪ 22 ਨੂੰ
ਜਲਾਲਾਬਾਦ ਵਿਖੇ22 ਫਰਵਰੀ ਨੂੰ ਹੋਵੇਗਾ ਵਿਸ਼ਾਲ ਕਬੱਡੀ ਕੱਪ
Publish Date: Sun, 15 Feb 2026 06:01 PM (IST)
Updated Date: Sun, 15 Feb 2026 06:03 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ : ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਅਤੇ ਪੰਜਾਬੀ ਜਵਾਨੀ ਨੂੰ ਮੁੜ ਖੇਡ ਮੈਦਾਨਾਂ ਵੱਲ ਮੋੜਨ ਲਈ ਜਲਾਲਾਬਾਦ ਦੀ ਧਰਤੀ ’ਤੇ 22 ਫਰਵਰੀ ਨੂੰ ਕਬੱਡੀ ਦਾ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਯੂਥ ਕਬੱਡੀ ਕਲੱਬ ਕੈਨੇਡਾ ਵੱਲੋਂ ਸਵਰਗੀ ਕੋਚ ਅਜੀਤ ਸਿੰਘ ਚਿੱਟੀ ਅਤੇ ਅਮਰਜੀਤ ਬਾਊ ਵਿਰਕ ਦੀ ਨਿੱਘੀ ਯਾਦ ਵਿੱਚ ਕਰਵਾਇਆ ਜਾ ਰਿਹਾ ਇਹ ਟੂਰਨਾਮੈਂਟ ਖੇਡ ਪ੍ਰੇਮੀਆਂ ਲਈ ਯਾਦਗਾਰ ਹੋਵੇਗਾ। ਇਸ ਵਾਰ ਮੈਦਾਨ ਵਿੱਚ ਪੰਜਾਬ ਦੀਆਂ ਨਾਮੀ 8 ਅਕੈਡਮੀਆਂ ਦੇ ਗੱਭਰੂ ਆਪਣੀ ਤਾਕਤ ਦਾ ਲੋਹਾ ਮਨਵਾਉਣਗੇ ਅਤੇ ਸਮਾਜ ਨੂੰ ਨਸ਼ਾ ਮੁਕਤ ਹੋਣ ਦਾ ਹੋਕਾ ਦੇਣਗੇ। ਟੂਰਨਾਮੈਂਟ ਨੂੰ ਰੋਮਾਂਚਕ ਬਣਾਉਣ ਲਈ ਪ੍ਰਬੰਧਕਾਂ ਨੇ ਇਨਾਮਾਂ ਦੀ ਵੱਡੀ ਝੜੀ ਲਗਾਈ ਹੈ, ਜਿੱਥੇ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 1.5 ਲੱਖ ਰੁਪਏ ਨਕਦ ਦਿੱਤੇ ਜਾਣਗੇ। ਬੈਸਟ ਰੇਡਰ ਤੇ ਜਾਫੀ ਦੇ ਮਾਣ-ਸਨਮਾਨ ਤੋਂ ਇਲਾਵਾ ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਲੱਕੀ ਡਰਾਅ ਰਾਹੀਂ ਐਲ.ਈ.ਡੀ. ਟੀਵੀ ਅਤੇ ਸਾਈਕਲ ਵਰਗੇ ਇਨਾਮ ਕੱਢੇ ਜਾਣਗੇ। ਕਲੱਬ ਦਾ ਅਸਲ ਮਕਸਦ ਜਲਾਲਾਬਾਦ ਨੂੰ ਕਬੱਡੀ ਦਾ ਅਜਿਹਾ ਧੁਰਾ ਬਣਾਉਣਾ ਹੈ ਜਿੱਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾਉਣ।