ਫਾਜ਼ਿਲਕਾ ਜ਼ਿਲ੍ਹੇ ’ਚ ਬਾਰਿਸ਼ ਕਾਰਨ 60 ਫ਼ੀਸਦੂ ਤੋਂ ਵੱਧ ਨੁਕਸਾਨ, ਖਾਣ ਲਾਇਕ ਵੀ ਨਹੀਂ ਬਚੀ ਕਣਕ
Unseasonal rains in Fazilka district become a disaster for farmers
Publish Date: Wed, 08 Apr 2026 06:18 PM (IST)
Updated Date: Wed, 08 Apr 2026 06:20 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਖਰਾਬ ਚੱਲ ਰਹੇ ਮੌਸਮ ਨੇ ਕਿਸਾਨਾਂ ਲਈ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਫਾਜ਼ਿਲਕਾ ਜ਼ਿਲ੍ਹੇ ਅੰਦਰ ਕਣਕ ਦੀ ਫ਼ਸਲ ਖੇਤਾਂ ਵਿੱਚ ਹੀ ਵਿਛ ਗਈ 60% ਤੋਂ ਵੱਧ ਨੁਕਸਾਨ ਹੋਇਆ। ਖੇਤਾਂ ਵਿੱਚ ਪੱਕਣ ਕਿਨਾਰੇ ਖੜੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬੀਤੀ ਰਾਤ ਵੀ ਹੋਈ ਤੇਜ ਬੇਸਮੌਸਮੀ ਬਰਸਾਤ ਕਿਸਾਨਾਂ ਲਈ ਵੱਡੀ ਆਫ਼ਤ ਬਣੀ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੋਈ ਤੇਜ਼ ਬਰਸਾਤ ਤੋਂ ਬਾਅਦ ਮੰਗਲਵਾਰ ਦੇਰ ਰਾਤ ਫਿਰ ਪਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਧਰਤੀ ਉੱਤੇ ਵਿਛਾ ਦਿੱਤਾ। ਕਈ ਥਾਵਾਂ ’ਤੇ ਖੇਤਾਂ ਵਿੱਚ ਕਈ-ਕਈ ਫੁੱਟ ਪਾਣੀ ਖੜ੍ਹਾ ਹੋਣ ਕਾਰਨ ਹੁਣ ਕਣਕ ਦੀ ਵਾਢੀ ਦੇਰੀ ਨਾਲ ਸ਼ੁਰੂ ਹੋਣ ਦੇ ਅਸਾਰ ਬਣ ਗਏ ਹਨ। ਚਾਰੇ ਯੋਗ ਵੀ ਨਹੀਂ ਬਚੀ ਫਸਲ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਤਾਰ ਮੀਂਹ ਕਾਰਨ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਕਣਕ ਦੀ ਫ਼ਸਲ ਖੇਤਾਂ ਵਿੱਚ ਪੂਰੀ ਤਰ੍ਹਾਂ ਵਿਛ ਗਈ ਹੈ, ਜਿਸ ਕਾਰਨ ਸਹੀ ਢੰਗ ਨਾਲ ਵਾਢੀ ਕਰਨਾ ਜਾਂ ਪਸ਼ੂਆਂ ਲਈ ਚਾਰੇ ਵਜੋਂ ਵਰਤਣਾ ਅਸੰਭਵ ਹੋ ਗਿਆ ਹੈ। ਰਾਮਕੋਟ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਰਾਮ ਕੁਮਾਰ ਨੇ ਕਿਹਾ ਕਿ ਪਿਛਲੀਆਂ ਫ਼ਸਲਾਂ ਚੰਗੀਆਂ ਹੋਈਆਂ ਸਨ ਅਤੇ ਉਹ ਇਸ ਵਾਰ ਮੁਨਾਫ਼ੇ ਦੀ ਉਮੀਦ ਕਰ ਰਹੇ ਸਨ, ਪਰ ਮੀਂਹ ਨੇ ਉਨ੍ਹਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਇੱਕ ਵਾਰ ਵੀ ਫ਼ਸਲ ਦੀ ਅਸਫਲਤਾ ਕਿਸਾਨਾਂ ਨੂੰ ਪੰਜ ਸਾਲ ਪਿੱਛੇ ਧੱਕ ਦਿੰਦੀ ਹੈ। ਇਹ ਸਥਿਤੀ ਉਨ੍ਹਾਂ ਦੇ ਇਲਾਕੇ ਵਿੱਚ ਦੋ ਤੋਂ ਤਿੰਨ ਵਾਰ ਆਈ ਹੈ, ਜਿਸ ਕਾਰਨ ਕਿਸਾਨ ਵਿੱਤੀ ਸੰਕਟ ਤੋਂ ਉਭਰ ਨਹੀਂ ਸਕੇ। ਨੁਕਸਾਨ ਦੇ ਮੁਲਾਂਕਣ ਨਹੀਂ ਪਹੁੰਚੇ ਅਧਿਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਨੁਕਸਾਨ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਦੇ ਪਿੰਡ ਦਾ ਦੌਰਾ ਨਹੀਂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਪ੍ਰਭਾਵਿਤ ਫ਼ਸਲਾਂ ਦਾ ਨਿਰਪੱਖ ਮੁਲਾਂਕਣ (ਫਸਲਾਂ ਦੇ ਨੁਕਸਾਨ ਦਾ ਮੁਲਾਂਕਣ) ਕਰੇ ਅਤੇ ਯੋਗ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ। ਜ਼ਿਲ੍ਹਾ ਪ੍ਰਸ਼ਾਸਨ ਦਾ ਤਰਕ ਹੈ ਕਿ ਅਧਿਕਾਰੀ ਆਪਣੇ ਕੰਮ ਵਿੱਚ ਰੁੱਝੇ ਹੋਏ ਹਨ। ਮੀਂਹ ਕਾਰਨ ਸਰਵੇਖਣ ਦੇ ਕੰਮ ਤੇ ਥੋੜ੍ਹਾ ਜਿਹਾ ਪ੍ਰਭਾਵ ਪੈ ਰਿਹਾ ਹੈ। ਇਸ ਵੇਲੇ, ਪ੍ਰਸ਼ਾਸਨ ਦਾਅਵਾ ਕਰਦਾ ਹੈ ਕਿ ਉਸਨੇ ਕਿਸਾਨਾਂ ਦੀਆਂ ਫਸਲਾਂ ਦੀਆਂ ਰਿਪੋਰਟਾਂ ਸਰਕਾਰ ਨੂੰ ਭੇਜ ਦਿੱਤੀਆਂ ਹਨ। 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ ) ਗਰੁੱਪ ਦੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ ਨੇ ਦੱਸਿਆ ਕਿ ਪੰਜਾਬ ਦਾ ਅੰਨਦਾਤਾ ਕਿਸਾਨਾਂ ਪਹਿਲਾਂ ਹੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੁਣ ਲਗਾਤਾਰ ਪੈ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਦੀ ਤੇਜ਼ ਬਾਰਿਸ਼ ਅਤੇ ਹਨੇਰੀ ਨਾਲ ਪੂਰੀ ਤਰ੍ਹਾਂ ਤਿਆਰ ਖੜੀ ਕਣਕ ਦੀ ਫਸਲ ਧਰਤੀ ’ਤੇ ਡਿੱਗ ਗਈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸ ਵਾਰ ਲਗਾਤਾਰ ਬਰਸਾਤ ਕਾਰਨ ਇੱਕ ਪਾਸੇ ਕਣਕ ਦਾ ਝਾੜ ਘਟਣ ਦਾ ਖਤਰਾ ਬਣ ਗਿਆ ਹੈ, ਜਦਕਿ ਦੂਜੇ ਪਾਸੇ ਕਟਾਈ ਵੀ ਦੇਰੀ ਨਾਲ ਹੋਣ ਦੀ ਸੰਭਾਵਨਾ ਹੈ। ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਫਸਲ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਨੁਕਸਾਨ ਦੀ ਭਰਪਾਈ ਹੋ ਸਕੇ।