ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਵਲੋਂ ਜਲਾਲਾਬਾਦ ਵਿਧਾਇਕ ਗੋਲਡੀ ਕੰਬੋਜ਼ ਦੀ ਕੋਠੀ ਦਾ ਘਿਰਾਓ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਵਲੋਂ ਜਲਾਲਾਬਾਦ ਵਿਧਾਇਕ ਗੋਲਡੀ ਕੰਬੋਜ਼ ਦੀ ਕੋਠੀ ਦਾ ਘਿਰਾਓ
Publish Date: Tue, 21 Apr 2026 06:53 PM (IST)
Updated Date: Tue, 21 Apr 2026 06:58 PM (IST)

ਹੈਪੀ ਕਾਠਪਾਲ ,ਪੰਜਾਬੀ ਜਾਗਰਣ ਜਲਾਲਾਬਾਦ : ਈ.ਟੀ.ਟੀ ਟੈੱਟ ਪਾਸ ਯੂਨੀਅਨ ਵੱਲੋਂ ਵਿਧਾਇਕ ਗੋਲਡੀ ਕੰਬੋਜ਼ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਰੋਸ ਪ੍ਰਦਰਸ਼ਨ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਨੀਲ ਫਾਜ਼ਿਲਕਾ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਈ.ਟੀ.ਟੀ ਯੂਨੀਅਨ ਵੱਲੋਂ ਨਵੀਆਂ ਅਸਾਮੀਆਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਲਾਰੇ ਲਗਾ ਕੇ ਸਮਾ ਟਪਾਇਆ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਦੇ ਨੁਮਾਇੰਦੇ ਚੰਡੀਗੜ੍ਹ ਮੀਟਿੰਗ ਕਰਨ ਜਾਂਦੇ ਹਨ ਤਾਂ ਉੱਥੇ ਜਾ ਤਾਂ ਉਨ੍ਹਾਂ ਨੂੰ ਸਿੱਖਿਆ ਮੰਤਰੀ ਨਹੀਂ ਮਿਲਦੇ ਜਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਨਹੀ ਮਿਲਦੇ। ਬੇਰੁਜ਼ਗਾਰੀ ਦੇ ਸਤਾਏ ਮਜਬੂਰਨ ਬੇਰੇਜ਼ਗਾਰਾਂ ਵੱਲੋਂ ਅੱਜ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਘਰ ਦਾ ਘਿਰਾਉ ਕਰਨਾ ਪਿਆ। ਪ੍ਰੰਤੂ 2 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਵਿਧਾਇਕ ਵਲੋਂ ਬੇਰੋਜ਼ਗਾਰਾਂ ਦੀ ਕੋਈ ਸਾਰ ਨਹੀਂ ਲਈ ਗਈ, ਉਸ ਤੋਂ ਬਾਅਦ ਬੇਰੋਜ਼ਗਾਰਾਂ ਨੇ ਭਾਵੁਕ ਹੁੰਦਿਆਂ ਹੋਇਆਂ ਵਿਧਾਇਕ ਦੇ ਘਰ ਦੇ ਕੋਲ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਜਾਮ ਕਰਨ ਦੇ ਬਾਅਦ ਲਗਭਗ ਅੱਧਾ ਘੰਟਾ ਰੋਡ ਜਾਮ ਤੋਂ ਬਾਅਦ ਪ੍ਰਸ਼ਾਸਨ ਵਲੋਂ ਮੌਕੇ ਤੇ ਆ ਕੇ ਵਿਧਾਇਕ ਗੋਲਡੀ ਕੰਬੋਜ਼ ਨਾਲ ਫੋਨ ਤੇ ਗੱਲਬਾਤ ਕਰਵਾ ਕੇ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਕਰਵਾਈ ਗਈ ਅਤੇ ਭਰੋਸਾ ਦਿਵਾਇਆ ਕਿ ਉਹ ਚੰਡੀਗੜ੍ਹ ਨਾਲ ਜਾ ਕੇ ਸਿੱਖਿਆ ਮੰਤਰੀ ਪੰਜਾਬ ਨਾਲ ਗੱਲਬਾਤ ਕਰਵਾਉਣਗੇ। ਇਸ ਦੌਰਾਨ ਭਾਵੁਕ ਹੁੰਦਿਆਂ ਬੇਰੁਜ਼ਗਾਰਾਂ ਨੇ ਅਪਣੀਆਂ ਬਾਹਾਂ ਚੋ ਖੂਨ ਕੱਢ ਕੇ ਉਸ ਨਾਲ ਮੰਗ ਪੱਤਰ ਲਿਖ ਕੇ ਪ੍ਰਸ਼ਾਸਨ ਨੂੰ ਸੌਂਪਿਆ। ਸੂਬਾ ਪ੍ਰਧਾਨ ਸੁਨੀਲ ਫਾਜ਼ਿਲਕਾ ਨੇ ਦੱਸਿਆ ਕਿ ਜੇਕਰ ਵਿਧਾਇਕ ਵੱਲੋਂ ਮੀਟਿੰਗ ਵਿੱਚ ਪੁਖਤਾ ਹੱਲ ਨਹੀ ਕਰਵਾਇਆ ਜਾਂਦਾ ਅਤੇ ਈਟੀਟੀ ਦੀਆਂ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਨਹੀ ਹੁੰਦਾ ਤਾਂ ਉਹ ਦੁਬਾਰਾ ਫਿਰ ਆਪਣੇ ਚੁਣੇ ਹੋਏ ਨੁਮਾਇੰਦਿਆਂ ਵਿਧਾਇਕਾਂ ਦਾ ਲਗਾਤਾਰ ਘਿਰਾਓ ਕਰਦੇ ਰਹਿਣਗੇ। ਉਹਨਾਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਤੋ ਵੀ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਨਵੀਆਂ ਅਸਾਮੀਆਂ ਜਾਰੀ ਕਰਕੇ ਬੇਰੋਜ਼ਗਾਰਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਸਕੂਲੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਣ। ਇਸ ਮੌਕੇ ਯੂਨੀਅਨ ਆਗੂ ਰਣਜੀਤ ਸਿੰਘ, ਸੰਦੀਪ ਸਿੰਘ, ਸਲਵਿੰਦਰ ਸਿੰਘ, ਰਵੀ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਾਡਰ ਸਾਥੀ ਮੌਜੂਦ ਸਨ।