ਜਨਗਣਨਾ-2027 ਫੇਜ਼-1 ਤਹਿਤ ਦੋ ਦਿਨਾਂ ਟ੍ਰੇਨਿੰਗ ਕਰਵਾਈ
ਜਨਗਣਨਾ 2027 ਦੇ ਸਫਲ ਆਯੋਜਨ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਪਹਿਲੇ ਫੇਜ਼ ਤਹਿਤ ਦੋ ਦਿਨਾਂ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ
Publish Date: Mon, 16 Mar 2026 07:32 PM (IST)
Updated Date: Mon, 16 Mar 2026 07:34 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਜਨਗਣਨਾ-2027 ਦੇ ਸਫਲ ਆਯੋਜਨ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਪਹਿਲੇ ਫੇਜ਼ ਤਹਿਤ ਦੋ ਦਿਨਾਂ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਮਾਸਟਰ ਟ੍ਰੇਨਰ ਸੈਂਸਜ਼ ਵਿਭਾਗ ਪੰਕਜ ਅਤੇ ਕਾਰਤਿਕ ਆਰਿਆ ਜ਼ਿਲ੍ਹਾ ਕੋਆਰਡੀਨੇਟਰ ਫਾਜ਼ਿਲਕਾ ਵੱਲੋਂ ਦਿੱਤੀ ਗਈ। ਇਸ ਟ੍ਰੇਨਿੰਗ ਦੌਰਾਨ ਜ਼ਿਲ੍ਹੇ ਨਾਲ ਸਬੰਧਤ ਚਾਰਜ ਸੈਂਸਜ਼ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਸ ਨੂੰ ਵਿਸਥਾਰ ਨਾਲ ਸੈਂਸਜ਼-2027 ਸਬੰਧੀ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਟ੍ਰੇਨਿੰਗ ਦੌਰਾਨ ਡਿਪਟੀ ਕਮਿਸ਼ਨਰ-ਕਮ- ਪ੍ਰਿੰਸੀਪਲ ਸੈਂਸਸ ਅਫਸਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮਾਸਟਰ ਟ੍ਰੇਨਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਵਿਚ ਹਾਊਸ ਲਿਸਟਿੰਗ ਦੀ ਪ੍ਰਕਿਰਿਆ 15 ਮਈ ਤੋਂ 13 ਜੂਨ 2026 ਤੱਕ ਕੀਤੀ ਜਾਵੇਗੀ ਅਤੇ ਸੈਲਫ਼-ਇਨਯੂਮਰੇਸ਼ਨ ਦੀ ਸੁਵਿਧਾ ਵੀ ਉਪਲਬਧ ਰਹੇਗੀ, ਜਿਸ ਸਬੰਧੀ ਪੋਰਟਲ 30 ਅਪ੍ਰੈਲ ਤੋਂ 13 ਮਈ 2026 ਤੱਕ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਦਰਜ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਜਨਗਣਨਾ ਦੀ ਪੂਰੀ ਕਾਰਵਾਈ ਡਿਜੀਟਲ ਮੋਡ ਰਾਹੀਂ ਸੰਪੰਨ ਕਰਵਾਈ ਜਾਵੇਗੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ -ਕਮ-ਪ੍ਰਿੰਸੀਪਲ ਸੈਂਸਜ਼ ਅਫਸਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਸਾਰੇ ਚਾਰਜ ਸੈਂਸਜ਼ ਅਫ਼ਸਰਾਂ, ਤਹਿਸੀਲਦਾਰਾਂ, ਕਾਰਜ ਸਾਧਕ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਸ ਨੂੰ ਹਦਾਇਤ ਕੀਤੀ ਗਈ ਕਿ ਜਨਗਣਨਾ 2027 ਦੇ ਕੰਮ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਪੂਰੀ ਨਿਸ਼ਠਾ, ਜ਼ਿੰਮੇਵਾਰੀ ਅਤੇ ਸਮੇਂ-ਸਿਰ ਨਿਭਾਈਆਂ ਜਾਣ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਸੈਂਸਜ਼-2027 ਦੇ ਕੰਮ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਬਿਨ੍ਹਾਂ ਕਿਸੇ ਸ਼ਨਾਖਤੀ ਕਾਰਡ ਵਾਲੇ ਵਿਅਕਤੀ ਨੂੰ ਕੋਈ ਵੀ ਸੂਚਨਾ ਮੁਹੱਈਆ ਨਾ ਕਰਵਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਮਨਦੀਪ ਕੌਰ, ਐੱਸਡੀਐੱਮ ਫਾਜ਼ਿਲਕਾ ਜੁਗਰਾਜ ਸਿੰਘ , ਐੱਸਡੀਐੱਮ ਅਬੋਹਰ ਰਵਿੰਦਰ ਅਰੋੜਾ , ਐੱਸਡੀਐੱਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ , ਕਾਰਜ ਸਾਧਕ ਅਫ਼ਸਰ ਵਿਕਰਮ ਧੁੜੀਆ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।