ਓਵਰਲੋਡਿੰਗ ਨੇ ਖੋਹੀ ਪਰਿਵਾਰ ਦੀ ਰੋਟੀ
ਖੂਨੀ ਬਣੀਆਂ ਖਾਦ ਨਾਲ ਲੱਦੀਆਂ ਟ੍ਰਾਲੀਆਂ
Publish Date: Tue, 10 Feb 2026 04:51 PM (IST)
Updated Date: Tue, 10 Feb 2026 04:53 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਦੀਆਂ ਸੜਕਾਂ ਤੇ ਦੌੜਦੀਆਂ ਓਵਰਲੋਡ ਟਰੈਕਟਰ-ਟ੍ਰਾਲੀਆਂ ਹੁਣ ਯਮਰਾਜ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਇਹ ਸਵਾਲ ਹਰ ਉਸ ਵਿਅਕਤੀ ਦੇ ਮਨ ਵਿੱਚ ਹੈ ਜਿਸ ਨੇ ਢਾਣੀ ਪ੍ਰੇਮ ਸਿੰਘ ਦੇ ਕੋਲ ਹੋਏ ਦਰਦਨਾਕ ਹਾਦਸੇ ਬਾਰੇ ਸੁਣਿਆ। ਇੱਕ ਓਵਰਲੋਡ ਟ੍ਰਾਲੀ ਨੇ ਨਾ ਸਿਰਫ਼ ਇੱਕ ਸਾਬਕਾ ਸਰਪੰਚ ਦੀ ਜਾਨ ਲਈ, ਸਗੋਂ ਇੱਕ ਅਜਿਹੇ ਪਰਿਵਾਰ ਨੂੰ ਮੰਝਧਾਰ ਵਿੱਚ ਛੱਡ ਦਿੱਤਾ ਜਿਸਦਾ ਪੂਰਾ ਦਾਰੋਮਦਾਰ ਮ੍ਰਿਤਕ ਦੇ ਮੋਢਿਆਂ ਤੇ ਸੀ।ਮ੍ਰਿਤਕ ਪਾਲਾ ਸਿੰਘ (70) ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਅਤੇ ਪੈਨਸ਼ਨ ਲੈਣ ਲਈ ਸ਼ਹਿਰ ਜਾ ਰਹੇ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਸੜਕ ਤੇ ਉਹ ਚੱਲ ਰਹੇ ਹਨ, ਉੱਥੇ ਨਿਯਮਾਂ ਨੂੰ ਛਿੱਕੇ ਟੰਗ ਕੇ ਦੌੜ ਰਹੀ ਖਾਦ ਦੀਆਂ ਬੋਰੀਆਂ ਨਾਲ ਲੱਦੀ ਟ੍ਰਾਲੀ ਉਨ੍ਹਾਂ ਲਈ ਕਾਲ ਬਣ ਜਾਵੇਗੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਟ੍ਰਾਲੀ ਇੰਨੀ ਜ਼ਿਆਦਾ ਭਰੀ ਹੋਈ ਸੀ ਕਿ ਚਾਲਕ ਦਾ ਸੰਤੁਲਨ ਵਿਗੜਨਾ ਸੁਭਾਵਿਕ ਸੀ। ਸਵਾਲ ਇਹ ਉੱਠਦਾ ਹੈ ਕਿ ਅਖ਼ੀਰ ਪੁਲਿਸ ਅਤੇ ਪ੍ਰਸ਼ਾਸਨ ਇਨ੍ਹਾਂ ਓਵਰਲੋਡ ਵਾਹਨਾਂ ਨੂੰ ਲਿੰਕ ਰੋਡ ਤੇ ਬੇਖੌਫ਼ ਘੁੰਮਣ ਦੀ ਇਜਾਜ਼ਤ ਕਿਵੇਂ ਦਿੰਦੇ ਹਨ। ਹਾਦਸੇ ਤੋਂ ਬਾਅਦ ਸਭ ਤੋਂ ਹਿਰਦੇਵੇਧਕ ਸਥਿਤੀ ਪਾਲਾ ਸਿੰਘ ਦੇ ਘਰ ਦੀ ਹੈ। ਮ੍ਰਿਤਕ ਦੇ ਪਰਿਵਾਰ ਵਿੱਚ ਚਾਰ ਧੀਆਂ ਹਨ ਅਤੇ ਇੱਕ ਪੁੱਤਰ ਹੈ ਜੋ ਸਰੀਰਕ ਤੌਰ ਤੇ ਅਪਾਹਜ ਹੈ। ਪਰਿਵਾਰ ਦੀ ਆਮਦਨ ਦਾ ਕੋਈ ਦੂਜਾ ਜ਼ਰੀਆ ਨਹੀਂ ਸੀ। ਪਾਲਾ ਸਿੰਘ ਹੀ ਉਹ ਧੁਰਾ ਸਨ, ਜਿਨ੍ਹਾਂ ਦੇ ਆਸਰੇ ਪੂਰੇ ਘਰ ਦਾ ਖ਼ਰਚ ਚੱਲਦਾ ਸੀ। ਹੁਣ ਇਸ ਅਪਾਹਜ ਪੁੱਤਰ ਅਤੇ ਧੀਆਂ ਦਾ ਭਵਿੱਖ ਹਨੇਰੇ ਵਿੱਚ ਹੈ। ਪਿੰਡ ਵਾਸੀ ਗੁੱਸੇ ਵਿੱਚ ਹਨ ਅਤੇ ਪੁੱਛ ਰਹੇ ਹਨ ਕਿ ਕੀ ਪ੍ਰਸ਼ਾਸਨ ਇਸ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੇਗਾ? ਇਨਸਾਨੀਅਤ ਉਦੋਂ ਤਾਰ-ਤਾਰ ਹੋ ਗਈ ਜਦੋਂ ਬਜ਼ੁਰਗ ਨੂੰ ਕੁਚਲਣ ਤੋਂ ਬਾਅਦ ਚਾਲਕ ਨੇ ਮਦਦ ਕਰਨ ਦੀ ਬਜਾਏ ਟਰੈਕਟਰ ਦੀ ਰਫ਼ਤਾਰ ਵਧਾ ਦਿੱਤੀ। ਜੇਕਰ ਮੌਕੇ ਤੇ ਮੌਜੂਦ ਜਾਗਰੂਕ ਨੌਜਵਾਨ ਪਿੱਛਾ ਨਾ ਕਰਦੇ, ਤਾਂ ਸ਼ਾਇਦ ਇਹ ਕਾਤਲ ਚਾਲਕ ਕਦੇ ਫੜਿਆ ਹੀ ਨਾ ਜਾਂਦਾ। ਨੌਜਵਾਨਾਂ ਨੇ ਬਾਹਮਣੀ ਵਾਲਾ ਦੇ ਕੋਲ ਘੇਰਾਬੰਦੀ ਕਰਕੇ ਉਸ ਨੂੰ ਦਬੋਚਿਆ ਅਤੇ ਪੁਲਿਸ ਦੇ ਹਵਾਲੇ ਕੀਤਾ। ਸੜਕਾਂ ’ਤੇ ‘ਮੌਤ ਦਾ ਤਾਂਡਵ’ ਕਦੋਂ ਰੁਕੇਗਾ ਲਿੰਕ ਰੋਡ ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣਾ ਆਮ ਗੱਲ ਹੋ ਗਈ ਹੈ। ਬਿਨਾਂ ਰਿਫਲੈਕਟਰ ਅਤੇ ਸਮਰੱਥਾ ਤੋਂ ਵੱਧ ਲੱਦੀਆਂ ਇਹ ਟ੍ਰਾਲੀਆਂ ਅਕਸਰ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਓਵਰਲੋਡਿੰਗ ਵਿਰੁੱਧ ਠੋਸ ਮੁਹਿੰਮ ਨਾ ਚਲਾਈ ਗਈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ, ਤਾਂ ਉਹ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।