- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਕਾਕਰਨ ਜਾਗਰੂਕਤਾ ਅਤੇ ਆਭਾ ਆਈਡੀ ਬਣਾਉਣ ਬਾਰੇ ਸਿਖਲਾਈ ਦਿੱਤੀ ਗਈ
ਬੰਪਲ ਭਠੇਜਾ, ਪੰਜਾਬੀ ਜਾਗਰਣ
ਜਲਾਲਾਬਾਦ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਵੱਲੋਂ ਆਮ ਆਦਮੀ ਕਲੀਨਿਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੋਚੜ ਕਲਾਂ ਵਿਖੇ ਏਐੱਨਐੱਮ, ਫੈਸਿਲੀਟੇਟਰ ਅਤੇ ਆਸ਼ਾ ਨੂੰ ਐੱਚਪੀਵੀ ਟੀਕਾਕਰਨ ਸਬੰਧੀ ਜਾਗਰੂਕ ਕੀਤਾ ਅਤੇ ਆਭਾ ਆਈਡੀ ਬਣਾਉਣ ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਸਮੇਂ ਪ੍ਰਿੰਸੀਪਲ, ਵਿਨੋਦ ਖੁਰਾਣਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਪੂਜਾ ਅਤੇ ਹੋਰ ਸਟਾਫ਼ ਹਾਜ਼ਰ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਲਾਜ ਸਬੰਧੀ ਰਿਕਾਰਡ ਨੂੰ ਆਯੂਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਤਹਿਤ ਆਨਲਾਈਨ ਕੀਤਾ ਜਾ ਰਿਹਾ ਹੈ। ਜਿਸ ਲਈ ਯੂਨੀਕ ਆਭਾ ਆਈ.ਡੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਓਪੀਡੀ ਦੀਆਂ ਲੰਮੀਆਂ ਲਾਈਨਾਂ ਤੋਂ ਬਚਣ ਲਈ ਲੋਕਾਂ ਨੂੰ ਤੁਰੰਤ ਆਭਾ ਆਈ ਡੀ ਬਣਾਉਣੀ ਚਾਹੀਦੀ ਹੈ। ਡਾ. ਰਿੰਕੂ ਚਾਵਲਾ ਨੇ ਅਧਿਆਪਿਕਾ ਅਤੇ ਬੱਚਿਆਂ ਨੂੰ ਐੱਚਪੀਵੀ ਟੀਕਾਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ 14 ਤੋਂ 15 ਸਾਲ ਤੱਕ ਦੀਆਂ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਲਈ ਅਪੀਲ ਕੀਤੀ।
ਉਨ੍ਹਾਂ ਆਭਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੀ ਆਭਾ ਆਈਡੀ ਬਣਾਉਣ ਨਾਲ ਮਰੀਜ਼ ਨੂੰ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿੱਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗਜਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ਼ ਨਾਲ ਚੁੱਕਣ ਦੀ ਜ਼ਰੂਰਤ ਨਹੀਂ ਰਹੇਗੀ, ਕਿਉਂਕਿ ਸਬੰਧਿਤ ਡਾਕਟਰ ਇਹ ਸਾਰਾ ਡਾਟਾ ਆਭਾ ਆਈਡੀ ਤੋਂ ਆਨਲਾਈਨ ਹੀ ਚੈੱਕ ਕਰਨ ਦੇ ਸਮਰਥ ਹੋਣਗੇ ਅਤੇ ਮਰੀਜ਼ ਨੂੰ ਇੱਕ ਤੋਂ ਦੂਜੇ ਡਾਕਟਰ ਕੋਲ ਇਲਾਜ ਕਰਵਾਉਣ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਚਾਨਕ ਸਿਹਤ ਸਮੱਸਿਆ ਆਉਣ ਸਮੇਂ ਪਹਿਲਾਂ ਹੋਏ ਇਲਾਜ ਸਬੰਧੀ ਕਾਗਜਾਤ, ਰਿਪੋਰਟਾਂ ਆਦਿ ਦਿਖਾਉਣੀਆਂ ਪੈਂਦੀਆਂ ਹਨ। ਕਈ ਵਾਰ ਅਜਿਹੀਆਂ ਰਿਪੋਰਟਾਂ ਉਪਲਬਧ ਨਾ ਹੋਣ ਕਾਰਨ ਮਰੀਜ਼ ਦੇ ਇਲਾਜ ਵਿਚ ਦੇਰੀ ਹੁੰਦੀ ਸੀ। ਇਸ ਦੇਰੀ ਨੂੰ ਖਤਮ ਕਰਨ ਅਤੇ ਰਿਪੋਰਟਾਂ ਆਦਿ ਦੀ ਅੜਚਣ ਨੂੰ ਖਤਮ ਕਰਨ ਦੇ ਮਨੋਰਥ ਨਾਲ ਆਭਾ ਆਈਡੀ ਬਣਾਈ ਜਾ ਰਹੀ ਹੈ। ਇਸ ਦੇ ਲਈ ਸਰਕਾਰੀ ਹਸਪਤਾਲਾਂ ਵਿਖੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਭਾ ਆਈਡੀ ਸਮੂਹ ਸਿਹਤ ਕੇਂਦਰ ਵਿਚ ਬਿਲਕੁਲ ਮੁਫ਼ਤ ਬਣਾਈ ਜਾ ਰਹੀ ਹੈ। ਕੋਈ ਵੀ ਵਿਅਕਤੀ ਇਸਦਾ ਬਾਰ ਕੋਡ ਸਕੈਨ ਕਰ ਕੇ ਜਾਂ ਆਨਲਾਈਨ ਸਹੂਲਤ ਰਾਹੀਂ ਆਪਣੀ ਆਭਾ ਆਈਡੀ ਖੁਦ ਬਣਾ ਸਕਦਾ ਹੈ, ਜਿਸ ਲਈ ਆਧਾਰ ਕਾਰਡ ਲਿੰਕਡ ਮੋਬਾਇਲ ਨੰਬਰ ਦੀ ਜ਼ਰੂਰਤ ਹੁੰਦੀ ਹੈ।
ਵਿਨੋਦ ਖੁਰਾਨਾ ਅਤੇ ਪੂਜਾ ਨੇ ਦੱਸਿਆ ਕਿ ਆਭਾ ਕਿਊਆਰ ਕੋਡ ਸਕੈਨ ਐਂਡ ਸ਼ੇਅਰ, ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਲੋਕਾਂ ਲਈ ਬਹੁਤ ਵਧੀਆ ਸਹੂਲਤ ਹੈ। ਇਸ ਆਭਾ ਆਈਡੀ ਦਾ ਫਾਇਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਹਸਪਤਾਲ ਵਿਚ ਪੁੱਜ ਕੇ ਉਥੇ ਲੱਗੇ ਕਿਊਆਰ ਕੋਡ ਨੂੰ ਸਕੈਨ ਕਰੋਗੇ ਤਾਂ ਤੁਹਾਡੀ ਬਿਨਾਂ ਲਾਈਨ ਵਿਚ ਲੱਗਿਆ ਪਰਚੀ ਕੱਟੀ ਜਾ ਸਕੇਗੀ, ਜੇਕਰ ਤੁਹਾਡੇ ਕੋਲ ਹਸਪਤਾਲ ਦਾ ਕਿਊ.ਆਰ ਕੋਡ ਮੌਜੂਦ ਹੈ ਤਾਂ ਤੁਸੀਂ ਆਭਾ ਐਪ ਤੋਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਵੀ ਟੋਕਨ ਜਨਰੇਟ ਕਰ ਸਕਦੇ ਹੋ। ਇਸ ਨਾਲ ਇਲਾਜ ਵਿੱਚ ਹੋਣ ਵਾਲੀ ਦੇਰੀ ਤੋਂ ਬਚਿਆ ਜਾ ਸਕਦਾ ਹੈ।