ਐੱਚਪੀਵੀ ਟੀਕਾਕਰਨ ਤੇ ਆਭਾ ਆਈਡੀ ਬਣਾਉਣ ਸਬੰਧੀ ਦਿੱਤੀ ਟ੍ਰੇਨਿੰਗ
ਸਰਕਾਰੀ ਆਈ ਟੀ ਆਈ ਵਿਖੇ ਐਚ ਪੀ ਵੀ ਟੀਕਾਕਰਣ ਅਤੇ ਆਭਾ ਆਈਡੀ ਬਣਾਉਣ ਸਬੰਧੀ ਦਿੱਤੀ ਟ੍ਰੇਨਿੰਗ
Publish Date: Thu, 12 Mar 2026 05:06 PM (IST)
Updated Date: Fri, 13 Mar 2026 04:04 AM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ, ਫ਼ਾਜ਼ਿਲਕਾ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਿੰਕੂ ਚਾਵਲਾ ਦੀ ਦੇਖਰੇਖ ਵਿੱਚ ਸਰਕਾਰੀ ਆਈਟੀਆਈ ਅਤੇ ਸਰਕਾਰੀ ਨਰਸਿੰਗ ਕਾਲਜ ਜਲਾਲਾਬਾਦ ਵਿਖੇ ਐੱਚਪੀਵੀ ਟੀਕਾਕਰਨ ਸਬੰਧੀ ਜਾਗਰੂਕ ਕੀਤਾ ਅਤੇ ਆਭਾ ਆਈਡੀ ਬਣਾਉਣ ਸਬੰਧੀ ਵਿਦਿਆਰਥੀਆਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਸਮੇਂ ਪ੍ਰਿੰਸੀਪਲ, ਵਿਨੋਦ ਖੁਰਾਣਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਪੂਜਾ,ਬਲਜਿੰਦਰ ਕੌਰ ਅਤੇ ਹੋਰ ਸਟਾਫ਼ ਹਾਜ਼ਰ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਲਾਜ ਸਬੰਧੀ ਰਿਕਾਰਡ ਨੂੰ ਆਯੂਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਤਹਿਤ ਆਨਲਾਈਨ ਕੀਤਾ ਜਾ ਰਿਹਾ ਹੈ। ਜਿਸ ਲਈ ਯੂਨੀਕ ਆਭਾ ਆਈ.ਡੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਓਪੀਡੀ ਦੀਆਂ ਲੰਮੀਆਂ ਲਾਈਨਾਂ ਤੋਂ ਬਚਣ ਲਈ ਲੋਕਾਂ ਨੂੰ ਤੁਰੰਤ ਆਭਾ ਆਈਡੀ ਬਣਾਉਣੀ ਚਾਹੀਦੀ ਹੈ। ਇਸ ਮੌਕੇ ਵਿਨੋਦ ਖੁਰਾਣਾ ਨੇ ਦੱਸਿਆ ਕਿ ਆਪਣੀ ਆਭਾ ਆਈ.ਡੀ ਬਣਾਉਣ ਨਾਲ ਮਰੀਜ਼ ਨੂੰ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿੱਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗਜਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ਼ ਨਾਲ ਚੁੱਕਣ ਦੀ ਜਰੂਰਤ ਨਹੀਂ ਰਹੇਗੀ, ਕਿਉਂਕਿ ਸਬੰਧਿਤ ਡਾਕਟਰ ਇਹ ਸਾਰਾ ਡਾਟਾ ਆਭਾ ਆਈ.ਡੀ ਤੋਂ ਆਨਲਾਈਨ ਹੀ ਚੈੱਕ ਕਰਨ ਦੇ ਸਮਰਥ ਹੋਣਗੇ ਅਤੇ ਮਰੀਜ਼ ਨੂੰ ਇੱਕ ਤੋਂ ਦੁਸਰੇ ਡਾਕਟਰ ਕੋਲ ਇਲਾਜ ਕਰਵਾਉਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਚਾਨਕ ਸਿਹਤ ਸਮੱਸਿਆ ਆਉਣ ਸਮੇਂ ਪਹਿਲਾਂ ਹੋਏ ਇਲਾਜ ਸਬੰਧੀ ਕਾਗਜਾਤ, ਰਿਪੋਰਟਾਂ ਆਦਿ ਦਿਖਾਉਣੀਆਂ ਪੈਂਦੀਆਂ ਹਨ। ਕਈ ਵਾਰ ਅਜਿਹੀਆਂ ਰਿਪੋਰਟਾਂ ਉਪਲੱਭਧ ਨਾ ਹੋਣ ਕਾਰਨ ਮਰੀਜ਼ ਦੇ ਇਲਾਜ ਵਿਚ ਦੇਰੀ ਹੁੰਦੀ ਸੀ। ਇਸ ਦੇਰੀ ਨੂੰ ਖਤਮ ਕਰਨ ਅਤੇ ਰਿਪੋਰਟਾਂ ਆਦਿ ਦੀ ਅੜਚਣ ਨੂੰ ਖਤਮ ਕਰਨ ਦੇ ਮਨੋਰਥ ਨਾਲ ਆਭਾ ਆਈਡੀ ਬਣਾਈ ਜਾ ਰਹੀ ਹੈ। ਇਸ ਦੇ ਲਈ ਸਰਕਾਰੀ ਹਸਪਤਾਲਾਂ ਵਿਖੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਭਾ ਆਈ.ਡੀ, ਸਮੂਹ ਸਿਹਤ ਕੇਂਦਰ ਵਿਚ ਬਿਲਕੁਲ ਮੁਫਤ ਬਣਾਈ ਜਾ ਰਹੀ ਹੈ। ਕੋਈ ਵੀ ਵਿਅਕਤੀ ਇਸਦਾ ਬਾਰ ਕੋਡ ਸਕੈਨ ਕਰਕੇ ਜਾਂ ਆਨਲਾਈਨ ਸਹੂਲਤ ਰਾਹੀਂ ਆਪਣੀ ਆਭਾ ਆਈ.ਡੀ ਖੁਦ ਬਣਾ ਸਕਦਾ ਹੈ, ਜਿਸ ਲਈ ਆਧਾਰ ਕਾਰਡ ਲਿੰਕਡ ਮੋਬਾਇਲ ਨੰਬਰ ਦੀ ਜਰੂਰਤ ਹੁੰਦੀ ਹੈ। ਇਸ ਸਬੰਧੀ ਪੂਜਾ ਦੱਸਿਆ ਕਿ ਆਭਾ ਕਿਊ.ਆਰ. ਕੋਡ ਸਕੈਨ ਐਂਡ ਸ਼ੇਅਰ, ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਲੋਕਾਂ ਲਈ ਬਹੁਤ ਵਧੀਆ ਸਹੂਲਤ ਹੈ। ਇਸ ਆਭਾ ਆਈ.ਡੀ ਦਾ ਫਾਇਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਹਸਪਤਾਲ ਵਿਚ ਪੁੱਜ ਕੇ ਉਥੇ ਲੱਗੇ ਕਿਊ. ਆਰ. ਕੋਡ ਨੂੰ ਸਕੈਨ ਕਰੋਗੇ ਤਾਂ ਤੁਹਾਡੀ ਬਿਨ੍ਹਾਂ ਲਾਈਨ ਵਿਚ ਲੱਗਿਆ ਪਰਚੀ ਕੱਟੀ ਜਾ ਸਕੇਗੀ, ਜੇਕਰ ਤੁਹਾਡੇ ਕੋਲ ਹਸਪਤਾਲ ਦਾ ਕਿਊ.ਆਰ ਕੋਡ ਮੌਜੂਦ ਹੈ ਤਾਂ ਤੁਸੀਂ ਆਭਾ ਐਪ ਤੋਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਵੀ ਟੋਕਨ ਜਨਰੇਟ ਕਰ ਸਕਦੇ ਹੋ।ਇਸ ਨਾਲ ਇਲਾਜ ਵਿੱਚ ਹੋਣ ਵਾਲੀ ਦੇਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਪੂਜਾ ਅਤੇ ਬਲਜਿੰਦਰ ਕੌਰ ਵੱਲੋਂ ਆਭਾ ਆਈ ਡੀ ਬਣਵਾਈਆਂ ਗਈਆਂ। ਇਸ ਸਮੇਂ ਅਧਿਆਪਿਕਾ ਅਤੇ ਬੱਚਿਆਂ ਨੂੰ ਐਚਪੀਵੀ ਟੀਕਾਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ 14 ਤੋਂ 15 ਸਾਲ ਤੱਕ ਦੀਆਂ ਬੱਚਿਆਂ ਨੂੰ ਟੀਕਾਕਰਣ ਕਰਵਾਉਣ ਲਈ ਅਪੀਲ ਕੀਤੀ।