‘ਆਸ਼ੀਰਵਾਦ’ ਦਾ ਲਾਭ ਲੈਣ ਲਈ ਸੇਵਾ ਕੇਂਦਰਾਂ ਰਾਹੀਂ ਕਰੋ ਅਪਲਾਈ
ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਹੁਣ ਸਿਰਫ ਸੇਵਾ ਕੇਂਦਰਾਂ ਰਾਹੀਂ ਹੀ ਕੀਤਾ ਜਾ ਸਕਦੈ ਅਪਲਾਈ:ਡਿਪਟੀ ਕਮਿਸ਼ਨਰ
Publish Date: Wed, 18 Mar 2026 05:11 PM (IST)
Updated Date: Wed, 18 Mar 2026 05:13 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਨੂੰ ਹੋਰ ਪਾਰਦਰਸ਼ੀ ਤੇ ਸੁਚਾਰੂ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਆਸ਼ੀਰਵਾਦ ਪੋਰਟਲ ਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਗਿਆ ਹੈ। ਹੁਣ ਇਸ ਸਕੀਮ ਦਾ ਲਾਭ ਲੈਣ ਲਈ ਅਰਜੀਆਂ ਸਿਰਫ ਸੇਵਾ ਕੇਂਦਰਾਂ ਰਾਹੀਂ ਹੀ ਦਾਖਲ ਕੀਤੀਆਂ ਜਾ ਸਕਣਗੀਆਂ ਜਿਸ ਨਾਲ ਇਸ ਸਕੀਮ ਦੀ ਕਾਰਗੁਜਾਰੀ ਹੋਰ ਪ੍ਰਭਾਵਸ਼ਾਲੀ ਬਣੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਹਰੇਕ ਜਾਤੀ ਦੀਆਂ ਲੜਕੀਆਂ ਨੂੰ 51 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਂਦੀ ਹੈ ਤੇ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਵਿਧਵਾ ਮਹਿਲਾਵਾਂ ਦੀਆਂ ਲੜਕੀਆਂ ਅਤੇ ਵਿਧਵਾਵਾਂ ਜਾਂ ਤਲਾਕਸ਼ੁਦਾ ਲੜਕੀਆਂ ਨੂੰ ਉਨ੍ਹਾਂ ਦੇ ਮੁੜ ਵਿਆਹ ਸਮੇਂ 51 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਫਾਜ਼ਿਲਕਾ ਅਸੋਕ ਕੁਮਾਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਭਲਾਈ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਸ਼ੀਰਵਾਦ ਸਕੀਮ (ਸ਼ਗਨ ਸਕੀਮ) ਤਹਿਤ ਵਿਆਹ ਲਈ ਆਨਲਾਈਨ ਅਪਲਾਈ ਕਰਨ ਦੀ ਸਮਾਂ-ਸੀਮਾ ਵਿਆਹ ਦੀ ਮਿਤੀ ਤੋਂ 30 ਦਿਨ ਪਹਿਲਾ ਤੇ 60 ਦਿਨ ਬਾਅਦ ਬਾਅਦ ਆਪਣੇ ਨੇੜਲੇ ਸੇਵਾ ਕੇਂਦਰ ਰਾਹੀਂ ਆਨਲਾਈਨ ਅਪਲਾਈ ਕਰ ਸਕਦਾ ਹੈ। ਫਾਇਲ ਭਰਨ ਦੀ ਸੁਵਿਧਾ ਵੀ ਸੇਵਾਂ ਕੇਂਦਰਾਂ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਸਰਕਾਰ ਵੱਲੋਂ ਨਿਰਧਾਰਿਤ ਫੀਸ ਹੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬਿਨੈਕਾਰ ਸੇਵਾ ਕੇਂਦਰਾਂ ਰਾਹੀਂ ਅਪਲਾਈ ਕਰਦਾ ਹੈ ਤਾਂ ਉਸ ਵਿੱਚ ਤੁਰੱਟੀ ਨਹੀਂ ਲੱਗਦੀ ਤੇ ਫਾਈਲ ਭਰਨ ਉਪਰੰਤ ਤੁਰੰਤ ਵਿਭਾਗ ਨੂੰ ਫਾਰਵਰਡ ਹੋ ਜਾਂਦੀ ਹੈ। ਇਸ ਲਈ ਆਮ ਲੋਕਾਂ ਨੂੰ ਅਪੀਲ ਹੈ ਕਿ ਅਸੀਰਵਾਦ ਸਕੀਮ ਦਾ ਲਾਭ ਲੈਣ ਲਈ ਫਾਈਲ ਸੇਵਾਂ ਕੇਂਦਰ ਰਾਹੀਂ ਭਰਵਾਉਂਦੇ ਹੋਏ ਅਪਲਾਈ ਕੀਤਾ ਜਾਵੇ ।