ਜਲਾਲਾਬਾਦ ਸਿਵਲ ਹਸਪਤਾਲ ਦੀ ਬਦਲੇਗੀ ਨੁਹਾਰ : ਵਿਧਾਇਕ ਗੋਲਡੀ
ਜਲਾਲਾਬਾਦ ਸਿਵਲ ਹਸਪਤਾਲ ਦੀ ਬਦਲੇਗੀ ਨੁਹਾਰ: ਵਿਧਾਇਕ ਜਗਦੀਪ ਕੰਬੋਜ
Publish Date: Fri, 27 Feb 2026 06:04 PM (IST)
Updated Date: Fri, 27 Feb 2026 06:07 PM (IST)
ਕਾਠਪਾਲ/ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੇ ਸਿਵਲ ਹਸਪਤਾਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਇੱਕ ਹੈਲਥ ਹਬ ਵਜੋਂ ਵਿਕਸਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਹਸਪਤਾਲ ਵਿੱਚ ਮਾਹਰ ਡਾਕਟਰਾਂ ਦੀ ਕਮੀ ਨੂੰ ਦੂਰ ਕਰਨਾ ਅਤੇ ਟਰਾਮਾ ਸੈਂਟਰ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨਾ ਰਿਹਾ। ਮੀਟਿੰਗ ਦੌਰਾਨ ਵਿਧਾਇਕ ਗੋਲਡੀ ਕੰਬੋਜ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਨੋਰਥ ਜਲਾਲਾਬਾਦ ਦੇ ਮਰੀਜ਼ਾਂ ਨੂੰ ਇਲਾਜ ਲਈ ਵੱਡੇ ਸ਼ਹਿਰਾਂ ਵਿੱਚ ਭਟਕਣ ਤੋਂ ਬਚਾਉਣਾ ਹੈ। ਚਰਚਾ ਦੌਰਾਨ ਹਸਪਤਾਲ ਦੀ ਬੈੱਡ ਸਮਰੱਥਾ ਵਧਾਉਣ, ਨਵੀਂ ਲੈਬ ਅਤੇ ਰੇਡੀਓਲੋਜੀ ਸਹੂਲਤਾਂ ਸ਼ੁਰੂ ਕਰਨ ਦੇ ਨਾਲ-ਨਾਲ ਦਵਾਈਆਂ ਦੀ 24 ਘੰਟੇ ਉਪਲਬਧਤਾ ਯਕੀਨੀ ਬਣਾਉਣ ’ਤੇ ਸਹਿਮਤੀ ਬਣੀ। ਵੀਸੀ ਡਾ. ਸੂਦ ਨੇ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਹਸਪਤਾਲ ਦੇ ਵਿਸਤਾਰ ਲਈ ਤਕਨੀਕੀ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਪੂਰਾ ਸਹਿਯੋਗ ਦੇਵੇਗੀ ਤਾਂ ਜੋ ਇਸ ਨੂੰ ਇੱਕ ਮਾਡਲ ਹੈਲਥ ਸੈਂਟਰ ਬਣਾਇਆ ਜਾ ਸਕੇ।