ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੈਕਸੀਨ ਸਬੰਧੀ ਜਾਗਰੂਕ ਕੀਤਾ
ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੈਕਸੀਨ ਸਬੰਧੀ ਜਾਗਰੂਕ ਕੀਤਾ
Publish Date: Sat, 28 Feb 2026 04:12 PM (IST)
Updated Date: Sat, 28 Feb 2026 04:13 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜਿਲਕਾ : ਸਿਵਿਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਇਮੀਉਨਾਈਜੇਸ਼ਨ ਅਫ਼ਸਰ ਡਾ. ਰਿੰਕੂ ਚਾਵਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਅਧਿਆਪਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੈਕਸੀਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ, ਅਧਿਆਪਕ ਵਰਗ, ਸਿਹਤ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਰਹੇ। ਲੈਕਚਰ ਦਾ ਮੁੱਖ ਉਦੇਸ਼ ਬੱਚਿਆਂ ਅਤੇ ਅਧਿਆਪਕਾਂ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਵੈਕਸੀਨੇਸ਼ਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ ਜੋ ਅਗਲੇ ਦਿਨਾਂ ਵਿਚ ਲੋਕਾਂ ਲਈ ਸਿਹਤ ਸੰਸਥਾ ਵਿਖੇ ਮੁਫਤ ਉਪਲੱਬਧ ਹੋਵੇਗੀ। ਡਾ. ਰਿੰਕੂ ਚਾਵਲਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇੱਕ ਆਮ ਵਾਇਰਸ ਹੈ ਜੋ ਆਗੇ ਚੱਲ ਕੇ ਮਹਿਲਾਵਾਂ ਵਿੱਚ ਸਰਵਾਈਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਲਗਣ ਵਾਲੀ HPV ਵੈਕਸੀਨ ਇਸ ਗੰਭੀਰ ਬਿਮਾਰੀ ਤੋਂ ਬਚਾਅ ਲਈ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਖਾਸ ਤੌਰ ‘ਤੇ 9 ਤੋਂ 14 ਸਾਲ ਦੀ ਉਮਰ ਦੀਆਂ ਬੱਚੀਆਂ ਲਈ ਇਸ ਟੀਕੇ ਦੀ ਲੋੜ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਉਮਰ ਵਿੱਚ ਲਗਵਾਈ ਗਈ ਵੈਕਸੀਨ ਭਵਿੱਖ ਲਈ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਅਤੇ ਮਾਪਿਆਂ ਤੱਕ ਸਹੀ ਅਤੇ ਵਿਗਿਆਨਕ ਜਾਣਕਾਰੀ ਪਹੁੰਚਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਡਾ. ਚਾਵਲਾ ਨੇ ਕਿਹਾ ਕਿ ਕਈ ਵਾਰ ਅਫਵਾਹਾਂ ਜਾਂ ਗਲਤ ਧਾਰਣਾਵਾਂ ਕਾਰਨ ਲੋਕ ਟੀਕਾਕਰਨ ਤੋਂ ਹਿਚਕਿਚਾਉਂਦੇ ਹਨ, ਪਰ ਸਿਹਤ ਵਿਭਾਗ ਵੱਲੋਂ ਪ੍ਰਮਾਣਿਤ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੇ ਹਲਕੇ ਸਾਈਡ ਇਫੈਕਟ ਜਿਵੇਂ ਕਿ ਟੀਕੇ ਵਾਲੀ ਥਾਂ ‘ਤੇ ਦਰਦ ਜਾਂ ਹਲਕਾ ਬੁਖਾਰ ਆ ਸਕਦਾ ਹੈ, ਜੋ ਕੁਝ ਸਮੇਂ ਵਿੱਚ ਆਪਣੇ ਆਪ ਠੀਕ ਹੋ ਜਾਂਦਾ ਹੈ। ਲੈਕਚਰ ਦੌਰਾਨ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ਡਾ. ਰਿੰਕੂ ਚਾਵਲਾ ਵੱਲੋਂ ਸੌਖੀ ਅਤੇ ਸਮਝਣਯੋਗ ਭਾਸ਼ਾ ਵਿੱਚ ਦਿੱਤੇ ਗਏ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਘਰ ਜਾ ਕੇ ਮਾਪਿਆਂ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕਰਨ ਅਤੇ ਟੀਕਾਕਰਨ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ। ਇਸ ਮੌਕੇ ਸਕੂਲੀ ਪ੍ਰਿੰਸੀਪਲ ਸਵਤੰਤਰਤ ਪਾਠਕ,ਆਕਾਸ਼ ਡੋਡਾ ਅਤੇ ਮਾਸ ਮੀਡੀਆ ਬ੍ਰਾਂਚ ਤੋਂ ਦਿਵੇਸ਼ ਕੁਮਾਰ ਹਾਜਰ ਸਨ।