ਟੀਬੀ ਇਲੀਮੀਨੇਸ਼ਨ ਪ੍ਰੋਗ੍ਰਾਮ ਤਹਿਤ ਲਗਾਏ ਜਾ ਰਹੇ ਹਨ ਸਪੈਸ਼ਲ ਸਕ੍ਰੀਨਿੰਗ ਕੈਂਪ : ਡਾ. ਕਵਿਤਾ ਸਿੰਘ
ਟੀ.ਬੀ. ਅਲੀਮੀਨੇਸ਼ਨ ਪ੍ਰੋਗ੍ਰਾਮ ਤਹਿਤ ਲਗਾਏ ਜਾ ਰਹੇ ਹਨ ਸਪੈਸ਼ਲ ਸਕ੍ਰੀਨਿੰਗ ਕੈਂਪ: ਡਾ.ਕਵਿਤਾ ਸਿੰਘ
Publish Date: Wed, 01 Apr 2026 04:37 PM (IST)
Updated Date: Wed, 01 Apr 2026 04:40 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਟੀ.ਬੀ. ਦੀ ਬਿਮਾਰੀ ਨੂੰ ਸਮਾਜ ਵਿੱਚੋਂ ਖਤਮ ਕਰਨ ਦੇ ਟੀਚੇ ਨਾਲ ਨੈਸ਼ਨਲ ਟੀ.ਬੀ. ਅਲੀਮੀਨੇਸ਼ਨ ਪ੍ਰੋਗ੍ਰਾਮ ਅਧੀਨ 100 ਦਿਨਾਂ ਟੀ ਬੀ ਮੁਕਤ ਭਾਰਤ ਅਭਿਆਨ 24 ਮਾਰਚ ਤੋਂ ਪੂਰੇ ਭਾਰਤ ਵਿੱਚ ਚਲਾਇਆ ਜਾ ਰਿਹਾ ਹੈ। ਡਾ ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਨਿਗਰਾਨੀ ਵਿੱਚ ਡਾ. ਨੀਲੂ ਚੁੱਘ ਜ਼ਿਲ੍ਹਾ ਟੀ.ਬੀ. ਅਫ਼ਸਰ ਫਾਜ਼ਿਲਕਾ ਦੀ ਦੇਖਰੇਖ ਵਿੱਚ ਜ਼ਿਲ੍ਹਾ ਫਾਜ਼ਿਲਕਾ ਵਿੱਚ ਇਹ ਪ੍ਰੋਗ੍ਰਾਮ ਸਫ਼ਲਤਾਪੂਰਵਕ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਟੀ.ਬੀ ਦੀ ਜਲਦੀ ਪਹਿਚਾਣ ਲਈ ਜਿਲ੍ਹਾ ਫਾਜ਼ਿਲਕਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਅਧੀਨ ਟੀ.ਬੀ ਕੇਸਾਂ ਨਾਲ ਸਬੰਧਤ ਹਾਈ ਰਿਸਕ ਪਿੰਡਾਂ ਵਿੱਚ ਸਪੈਸ਼ਲ ਸਕ੍ਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਹੈਂਡਹੇਲਡ ਐਕਸ ਰੇ ਮਸ਼ੀਨ ਰਾਹੀਂ ਮੁਫ਼ਤ ਐਕਸ ਰੇ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਕੈਂਪ ਹਾਈ ਰਿਸਕ ਪਿੰਡਾ ਵਿੱਚ ਲਗਾਏ ਜਾਣਗੇ। ਉਹਨਾਂ ਕਿਹਾ ਕਿ 2 ਅਪ੍ਰੈਲ ਨੂੰ ਹਸਤਾਂ ਕਲਾਂ, ਸਾਬੂਆਣਾ, ਜੰਡਵਾਲਾ ਭੀਮੇਸ਼ਾਹ, 4 ਅਪ੍ਰੈਲ ਨੂੰ ਰੱਤਾ ਖੇੜਾ, ਪੱਕਾ ਚਿਸ਼ਤੀ, ਦਾਨੇਵਾਲਾ ਸੱਤਕੋਸੀ, 6 ਅਪ੍ਰੈਲ ਨੂੰ ਰੱਤਾ ਖੇੜਾ, ਟਾਹਲੀਵਾਲਾ ਬੋਦਲਾ ਤੇ ਬਾਰੇਕਾਂ, 7 ਅਪ੍ਰੈਲ ਨੂੰ ਰੱਤਾ ਖੇੜਾ, ਅਭੁੰਨ ਤੇ ਘੱਲੂ, 9 ਅਪ੍ਰੈਲ ਨੂੰ ਰੱਤਾ ਖੇੜਾ, ਰਾਣਾ ਤੇ ਰੂਪਨਗਰ, 10 ਅਪ੍ਰੈਲ ਨੂੰ ਬਾਹਮਣੀ ਵਾਲਾ, ਜੋੜਕੀ ਕੰਕਰ ਵਾਲੀ ਤੇ ਕਬੂਲਸ਼ਾਹ, 11 ਅਪ੍ਰੈਲ ਨੂੰ ਬਾਹਮਣੀ ਵਾਲਾ, ਕਰਨੀ ਖੇੜਾ ਤੇ ਬੋਦੀ ਵਾਲਾ ਪਿੱਠਾ, 13 ਅਪ੍ਰੈਲ ਨੂੰ ਬਾਹਮਣੀ ਵਾਲਾ, ਕੋੜਿਆਂਵਾਲੀ ਤੇ ਖਿੱਪਾਂਵਾਲੀ, 15 ਅਪ੍ਰੈਲ ਨੂੰ ਢੰਢੀ ਕਦੀਮ, ਰੋਹਿਲਾ ਤੇਜੇਕਾ ਤੇ ਕਟੈਹੜਾ ਅਤੇ 16 ਅਪ੍ਰੈਲ ਢੰਢੀ ਕਦੀਮ, ਬਹਿਕ ਖਾਸ ਤੇ ਖੂਈ ਖੇੜਾ ਪਿੰਡਾਂ ਵਿਖੇ ਕੈਂਪ ਲੱਗਣਗੇ। ਜ਼ਿਲ੍ਹਾ ਟੀ.ਬੀ ਅਫਸਰ ਡਾ ਨੀਲੂ ਚੁੱਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ 15 ਦਿਨਾਂ ਤੋਂ ਜ਼ਿਆਦਾ ਖਾਂਸੀ, ਸ਼ਾਮ ਦੇ ਸਮੇਂ ਬੁਖਾਰ, ਭਾਰ ਘਟਨਾ, ਭੁੱਖ ਨਾ ਲੱਗਣਾ, ਸਾਹ ਲੈਣ ਵਿੱਚ ਦਿੱਕਤ ਆਵੇ ਤਾਂ ਟੀ.ਬੀ. ਹੋ ਸਕਦੀ ਹੈ। ਇਸ ਲਈ ਇਨ੍ਹਾ ਕੈਂਪਾਂ ਵਿੱਚ ਜਾਂ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਨਾਲ ਸਲਾਹ ਕੀਤੀ ਜਾਵੇ ਅਤੇ ਟੈਸਟ ਕਰਵਾਏ ਜਾਣ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦਾ ਇਲਾਜ ਮੁਫਤ ਉਪਲੱਬਧ ਹੈ। ਉਹਨਾਂ ਟੀ.ਬੀ. ਦੇ ਮਰੀਜ਼ਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਡਾਕਟਰ ਦੇ ਦੱਸੇ ਅਨੁਸਾਰ ਦਵਾਈਆਂ ਦਾ ਪੂਰਾ ਕੋਰਸ ਕਰੋ, ਦੂਜਿਆ ਨਾਲ ਨੇੜਲੇ ਸੰਪਰਕ ਤੋਂ ਪ੍ਰਹੇਜ਼ ਕਰੋ ਖਾਸ ਕਰਕੇ ਇਲਾਜ ਦੇ ਸ਼ੁਰੂਆਤੀ ਪੜ੍ਹਾਅ ਵਿੱਚ, ਬਿਸਤਰੇ ਅਤੇ ਕੱਪੜੇ ਅਲੱਗ ਰੱਖੋ, ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਢੱਕੋ, ਹਵਾਦਾਰ ਕਮਰਿਆਂ ਵਿੱਚ ਰਹੋ, ਸੰਤੁਲਿਤ ਭੋਜਨ ਖਾਓ, ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ, ਸ਼ਰਾਬ ਅਤੇ ਤੰਬਾਕੂ ਤੋਂ ਪ੍ਰਹੇਜ਼ ਕਰੋ, ਮਾਸਕ ਪਹਿਣੋ।