ਟੀ.ਬੀ. ਅਲੀਮੀਨੇਸ਼ਨ ਪ੍ਰੋਗ੍ਰਾਮ ਤਹਿਤ ਸਪੈਸ਼ਲ ਸਕ੍ਰੀਨਿੰਗ ਕੈਂਪ ਜਾਰੀ : ਡਾ. ਕਵਿਤਾ ਸਿੰਘ
ਟੀ.ਬੀ. ਅਲੀਮੀਨੇਸ਼ਨ ਪ੍ਰੋਗ੍ਰਾਮ ਤਹਿਤ ਸਪੈਸ਼ਲ ਸਕ੍ਰੀਨਿੰਗ ਕੈਂਪ ਵਿੱਚ ਲੋਕਾਂ ਦੀ ਕੀਤੀ ਜਾ ਰਹੀ ਹੈ ਜਾਂਚ: ਡਾ.ਕਵਿਤਾ ਸਿੰਘ
Publish Date: Mon, 13 Apr 2026 05:16 PM (IST)
Updated Date: Mon, 13 Apr 2026 05:19 PM (IST)

ਨਰੇਸ਼ ਕੁਮਾਰ ਕਾਮਰਾਂ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਟੀ.ਬੀ. ਦੀ ਬਿਮਾਰੀ ਨੂੰ ਸਮਾਜ ਵਿੱਚੋਂ ਖਤਮ ਕਰਨ ਦੇ ਟੀਚੇ ਨਾਲ ਨੈਸ਼ਨਲ ਟੀ.ਬੀ. ਅਲੀਮੀਨੇਸ਼ਨ ਪ੍ਰੋਗ੍ਰਾਮ ਅਧੀਨ 100 ਦਿਨਾਂ ਟੀ ਬੀ ਮੁਕਤ ਭਾਰਤ ਅਭਿਆਨ 24 ਮਾਰਚ ਤੋਂ ਪੂਰੇ ਭਾਰਤ ਵਿੱਚ ਚਲਾਇਆ ਜਾ ਰਿਹਾ ਹੈ। ਡਾ.ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਨਿਗਰਾਨੀ ਵਿੱਚ ਡਾ.ਨੀਲੂ ਚੁੱਘ ਜ਼ਿਲ੍ਹਾ ਟੀ.ਬੀ. ਅਫ਼ਸਰ ਫਾਜ਼ਿਲਕਾ ਦੀ ਦੇਖਰੇਖ ਵਿੱਚ ਜਿਲ੍ਹਾ ਫਾਜ਼ਿਲਕਾ ਵਿੱਚ ਇਹ ਪ੍ਰੋਗ੍ਰਾਮ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ ਲੋਕਾਂ ਦੀ ਟੀਬੀ ਦੀ ਬੀਮਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਟੀ.ਬੀ ਦੀ ਜਲਦੀ ਪਹਿਚਾਣ ਲਈ ਜਿਲ੍ਹਾ ਫਾਜ਼ਿਲਕਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਅਧੀਨ ਟੀ.ਬੀ ਕੇਸਾਂ ਨਾਲ ਸਬੰਧਤ ਹਾਈ ਰਿਸਕ ਪਿੰਡਾਂ ਵਿੱਚ ਸਪੈਸ਼ਲ ਸਕ੍ਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਹੈਂਡਹੇਲਡ ਐਕਸ ਰੇ ਮਸ਼ੀਨ ਰਾਹੀਂ ਮੁਫ਼ਤ ਐਕਸ ਰੇ ਕੀਤੇ ਜਾ ਰਹੇ ਹਨ।ਜ਼ਿਲ੍ਹਾ ਟੀ.ਬੀ ਅਫਸਰ ਡਾ.ਨੀਲੂ ਚੁੱਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ 15 ਦਿਨਾਂ ਤੋਂ ਜ਼ਿਆਦਾ ਖਾਂਸੀ, ਸ਼ਾਮ ਦੇ ਸਮੇਂ ਬੁਖਾਰ, ਭਾਰ ਘਟਨਾ, ਭੁੱਖ ਨਾ ਲੱਗਣਾ, ਸਾਹ ਲੈਣ ਵਿੱਚ ਦਿੱਕਤ ਆਵੇ ਤਾਂ ਟੀ.ਬੀ. ਹੋ ਸਕਦੀ ਹੈ। ਇਸ ਲਈ ਇਨ੍ਹਾ ਕੈਂਪਾਂ ਵਿੱਚ ਜਾਂ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਨਾਲ ਸਲਾਹ ਕੀਤੀ ਜਾਵੇ ਅਤੇ ਟੈਸਟ ਕਰਵਾਏ ਜਾਣ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦਾ ਇਲਾਜ ਮੁਫਤ ਉਪਲੱਬਧ ਹੈ। ਉਹਨਾਂ ਟੀ.ਬੀ. ਦੇ ਮਰੀਜ਼ਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਡਾਕਟਰ ਦੇ ਦੱਸੇ ਅਨੁਸਾਰ ਦਵਾਈਆਂ ਦਾ ਪੂਰਾ ਕੋਰਸ ਕਰੋ, ਦੂਜਿਆ ਨਾਲ ਨੇੜਲੇ ਸੰਪਰਕ ਤੋਂ ਪ੍ਰਹੇਜ਼ ਕਰੋ ਖਾਸ ਕਰਕੇ ਇਲਾਜ ਦੇ ਸ਼ੁਰੂਆਤੀ ਪੜ੍ਹਾਅ ਵਿੱਚ, ਬਿਸਤਰੇ ਅਤੇ ਕੱਪੜੇ ਅਲੱਗ ਰੱਖੋ, ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਢੱਕੋ, ਹਵਾਦਾਰ ਕਮਰਿਆਂ ਵਿੱਚ ਰਹੋ, ਸੰਤੁਲਿਤ ਭੋਜਨ ਖਾਓ, ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ, ਸ਼ਰਾਬ ਅਤੇ ਤੰਬਾਕੂ ਤੋਂ ਪ੍ਰਹੇਜ਼ ਕਰੋ, ਮਾਸਕ ਪਹਿਣੋ।