ਸਵੰਨਿਆ ਨੂੰ ਮਿਲੀ ਨਵੀਂ ਜ਼ਿੰਦਗੀ
ਸਵੰਨਿਆ ਨੂੰ ਮਿਲੀ ਨਵੀਂ ਜ਼ਿੰਦਗੀ
Publish Date: Tue, 10 Mar 2026 06:03 PM (IST)
Updated Date: Tue, 10 Mar 2026 06:06 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੀ ਨਵੀਂ ਆਬਾਦੀ ਵਿੱਚ ਰਹਿੰਦੀ ਸੱਤ ਸਾਲ ਦੀ ਬੱਚੀ ਸਵੰਨਿਆ ਦੀ ਕਹਾਣੀ ਹੌਂਸਲੇ, ਉਮੀਦ ਅਤੇ ਸਰਕਾਰੀ ਸਿਹਤ ਯੋਜਨਾਵਾਂ ਦੀ ਸਫਲਤਾ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਹੈ। ਸਵੰਨਿਆ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਜਨਮ ਤੋਂ ਕੁਝ ਸਮੇਂ ਬਾਅਦ ਹੀ ਪਰਿਵਾਰ ਨੂੰ ਪਤਾ ਲੱਗਿਆ ਕਿ ਬੱਚੀ ਦੇ ਦਿਲ ਵਿੱਚ ਛੇਕ ਹੈ। ਇਲਾਜ ਦੇ ਭਾਰੀ ਖਰਚੇ ਦੀ ਚਿੰਤਾ ਕਰਦੇ ਹੋਏ ਬੱਚੀ ਦੇ ਪਿਤਾ ਨੇ ਉਸਨੂੰ ਤੇ ਉਸ ਦੀ ਮਾਂ ਨੂੰ ਛੱਡ ਦਿੱਤਾ। ਇਸ ਦੌਰਾਨ ਪਰਿਵਾਰ ਨੂੰ ਨਵੀਂ ਉਮੀਦ ਦੀ ਕਿਰਣ ਉਸ ਵੇਲੇ ਮਿਲੀ ਜਦੋਂ ਫਾਜ਼ਿਲਕਾ ਸਿਵਲ ਹਸਪਤਾਲ ਵਿਖੇ ਡਾਕਟਰਾਂ ਨੇ ‘ਕੌਮੀ ਬਾਲ ਸਿਹਤ ਪ੍ਰੋਗਰਾਮ ਤਹਿਤ ਇਲਾਜ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਪ੍ਰੋਗਰਾਮ ਦੇ ਤਹਿਤ ਬੱਚਿਆਂ ਵਿੱਚ ਜਨਮਜਾਤ ਬੀਮਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ। ਸਿਵਲ ਹਸਪਤਾਲ ਦੀ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਟੀਮ ਨੇ ਬੱਚੀ ਦੇ ਕੇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸਨੂੰ ਅੱਗੇ ਦੇ ਇਲਾਜ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਰੈਫਰ ਕੀਤਾ। 14 ਜੁਲਾਈ 2025 ਨੂੰ ਸਵੰਨਿਆ ਦਾ ਦਿਲ ਦਾ ਓਪਰੇਸ਼ਨ ਸਫਲਤਾਪੂਰਵਕ ਕੀਤਾ ਗਿਆ। ਇਹ ਓਪਰੇਸ਼ਨ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਪ੍ਰੋਗਰਾਮ ਦੇ ਤਹਿਤ ਬਿਲਕੁਲ ਮੁਫ਼ਤ ਹੋਇਆ। ਹਾਲ ਹੀ ਵਿੱਚ ਸਵੰਨਿਆ ਨੂੰ ਫਾਲੋ-ਅਪ ਚੈੱਕਅਪ ਲਈ ਦੁਬਾਰਾ ਬੁਲਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਦੀ ਜਾਂਚ ਕਰਕੇ ਦੱਸਿਆ ਕਿ ਬੱਚੀ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਅੱਜ ਸਵੰਨਿਆ ਇੱਕ ਆਮ ਬੱਚੀ ਵਾਂਗ ਸਕੂਲ ਜਾਂਦੀ ਹੈ, ਖੇਡਦੀ ਹੈ ਅਤੇ ਆਪਣੇ ਦੋਸਤਾਂ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਜ਼ਿਲ੍ਹਾ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।