ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਵਿੱਦਿਅਕ ਅਤੇ ਸਹਿ ਵਿੱਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲ਼ੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ :ਰੇਨੂ ਬਾਲਾ
Publish Date: Wed, 22 Apr 2026 05:45 PM (IST)
Updated Date: Wed, 22 Apr 2026 05:49 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਐੱਮ.ਆਰ ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਪ੍ਰਿੰਸੀਪਲ ਸਚਿਨ ਕਾਲੜਾ ਦੀ ਅਗਵਾਈ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨਵੀਨ ਗਡਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਲੰਘੇ ਵਰ੍ਹੇ ਦੌਰਾਨ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲ਼ੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਗੌਰਤਲਬ ਹੈ ਕਿ ਪਿਛਲੇ ਸਾਲ ਯੂਥ ਫੈਸਟੀਵਲ ਵਿੱਚ ਕਾਲਜ ਦੀ ਵਿਦਿਆਰਥਣ ਸ਼ਿਵਾਨੀ ਨੇ ਸੁੰਦਰ ਲੇਖਣੀ ਅਤੇ ਸਿਮਰਜੀਤ ਕੌਰ ਨੇ ਰਚਨਾਤਮਕ ਲੇਖਣੀ ਵਿੱਚ ਕ੍ਰਮਵਾਰ ਪਹਿਲਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਕਲਾਤਮਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਕਾਲਜ ਦੇ ਸਹਾਇਕ ਕਰਮਚਾਰੀ ਨਰੇਸ਼ ਕੁਮਾਰ ਦੀ ਸੱਤ ਸਾਲਾ ਬੱਚੀ ਨੇ ਮਨਮੋਹਕ ਪੇਸ਼ਕਾਰੀ ਨਾਲ਼ ਸਾਰਿਆਂ ਦਾ ਮਨ ਮੋਹ ਲਿਆ। ਪ੍ਰੋਫ਼ੈਸਰ ਜਗਮੀਤ ਹਰਫ਼ ਨੇ ਆਪਣੀ ਸ਼ਾਇਰੀ ਨਾਲ ਖ਼ੂਬ ਰੰਗ ਬੰਨਿਆ। ਇਸ ਮੌਕੇ ਨਾਟਕਕਾਰ ਭੁਪਿੰਦਰ ਉਤਰੇਜਾ ਦੀ ਨਿਰਦੇਸ਼ਨਾ ਵਿੱਚ ਨੁੱਕੜ ਨਾਟਕ ‘ਤੈਂ ਕੀ ਦਰਦ ਨਾ ਆਇਆ’ ਦਾ ਵੀ ਸਫਲਤਾ ਪੂਰਵਕ ਮੰਚਨ ਕੀਤਾ ਗਿਆ। ਸਮਾਗਮ ਹਾਲ ਦੇ ਮੁੱਖ ਦੁਆਰ ਉੱਤੇ ਕਾਲਜ ਦੇ ਵਿਦਿਆਰਥੀਆਂ ਦੁਆਰਾ ਆਪਣੀਆਂ ਹਸਤ ਸ਼ਿਲਪ ਕਲਾਕ੍ਰਿਤਾਂ ਅਤੇ ਪੇਂਟਿੰਗਾਂ ਦੀ ਨੁਮਾਇਸ਼ ਲਗਾਈ ਗਈ। ਕਾਲਜ ਲਾਇਬ੍ਰੇਰੀਅਨ ਡਾ. ਰੁਪਿੰਦਰ ਕੌਰ ਨੇ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੋੜਨ ਦਾ ਸਫ਼ਲ ਉਪਰਾਲਾ ਕੀਤਾ। ਪ੍ਰੋਫ਼ੈਸਰ ਅਜੈਪਾਲ ਨੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਗੀ ਸਾਥੀਆਂ ਨੂੰ ਐੱਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕਰਨ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਅਨੀਤਾ ਰਾਜ ਅਤੇ ਪ੍ਰੋਫ਼ੈਸਰ ਰੇਨੂ ਬਾਲਾ ਦੁਆਰਾ ਸਫ਼ਲਤਾਪੂਰਵਕ ਨਿਭਾਈ ਗਈ। ਸਮਾਗਮ ਸਮਾਰੋਹ ਦੇ ਅਖੀਰ ਵਿੱਚ ਕਾਲਜ ਇੰਚਾਰਜ ਪ੍ਰੋਫ਼ੈਸਰ ਗੁਰਮਿੰਦਰ ਕੌਰ ਦੁਆਰਾ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਮਿਹਨਤ ਜਾਰੀ ਰੱਖਣ ਦੀ ਤਾਕੀਦ ਕੀਤੀ।