ਬਰਸਾਤੀ ਪਾਣੀ ਖੜ੍ਹਨ ਨਾਲ ਵਧ ਸਕਦੈ ਬਿਮਾਰੀਆਂ ਦਾ ਖ਼ਤਰਾ : ਡਾ. ਕਵਿਤਾ ਸਿੰਘ
ਬਰਸਾਤਾਂ ਕਾਰਨ ਪਾਣੀ ਖੜਨ ਤੇ ਵੱਧ ਸਕਦਾ ਹੈ ਦੂਸ਼ਿਤ ਪਾਣੀ ਨਾਲ ਹੋਣ ਵਾਲੀ ਬਿਮਾਰੀਆਂ ਦਾ ਖਤਰਾ: ਡਾ.ਕਵਿਤਾ ਸਿੰਘ
Publish Date: Thu, 02 Apr 2026 03:52 PM (IST)
Updated Date: Fri, 03 Apr 2026 04:02 AM (IST)

-ਸਿਵਲ ਸਰਜਨ ਵੱਲੋਂ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਰਹਿਣ ਦੀ ਅਪੀਲ ਕਪਿਲ ਜਸੂਜਾ. ਪੰਜਾਬੀ ਜਾਗਰਣ, ਫਾਜ਼ਿਲਕਾ : ਪਿਛਲੇ ਦਿਨੀਂ ਹੋਈ ਬਰਸਾਤਾਂ ਦੇ ਮੱਦੇਨਜ਼ਰ ਲੋਕ ਸੁਚੇਤ ਰਹਿਣ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਲੋਕਾਂ ਨੂੰ ਅਗਾਹ ਕਰਦਿਆਂ ਕਿਹਾ ਕਿ ਬਰਸਾਤਾਂ ਕਾਰਨ ਦੂਸ਼ਿਤ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੈਜ਼ਾ, ਟਾਈਫਾਇਡ, ਡਾਇਰੀਆ, ਪੀਲੀਆ ਆਦਿ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਇਸ ਮੌਸਮ ਵਿੱਚ ਮੱਛਰਾਂ ਦੀ ਪੈਦਾਵਰ ਅਤੇ ਇਹਨਾਂ ਦੇ ਕੱਟਣ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਤੋਂ ਬਚਾਅ ਲਈ ਹਰੇਕ ਵਿਅਕਤੀ ਨੂੰ ਜਾਗਰੂਕ ਹੋ ਕੇ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਆਪਣੇ ਘਰਾਂ ਅਤੇ ਕੰਮਕਾਜੀ ਸਥਾਨਾਂ ਦੇ ਆਲੇ-ਦੁਆਲੇ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ। ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਸੁਨੀਤਾ ਕੰਬੋਜ ਨੇ ਦੱਸਿਆ ਕਿ ਗਰਮੀ ਅਤੇ ਇਹਨਾਂ ਦਿਨਾਂ ਵਿੱਚ ਹੋਈ ਬਰਸਾਤਾਂ ਨੂੰ ਵੇਖਦੇ ਹੋਏ ਸਿਹਤ ਕਰਮੀਆਂ ਵੱਲੋਂ ਸਰਵੇ, ਮੱਛਰ ਦੇ ਲਾਰਵੇ ਅਤੇ ਬ੍ਰੀਡਿੰਗ ਚੈਕਿੰਗ ਗਤੀਵਿਧੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਵਿੱਚ ਪਏ ਕੂਲਰ, ਗਮਲਿਆਂ, ਟੁੱਟੇ-ਭੱਜੇ ਬਰਤਨਾਂ, ਘਰਾਂ-ਦਫਤਰਾਂ ਦੀਆਂ ਛੱਤਾਂ ਤੇ ਰੱਖੇ ਟਾਇਰਾਂ ਆਦਿ ਥਾਵਾਂ ਉੱਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਬਰਤਨਾਂ ਵਿਚਲਾ ਪਾਣੀ ਵੀ ਜਰੂਰ ਬਦਲਦੇ ਰਹਿਣਾ ਚਾਹੀਦਾ ਹੈ। ਮੱਛਰਾਂ ਤੋਂ ਬਚਾਅ ਲਈ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕੀਤਾ ਜਾਵੇ। ਇਸ ਦੇ ਨਾਲ ਹੀ ਆਸ ਮੌਸਮ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਜਰੂਰਤ ਹੁੰਦੀ ਹੈ। ਅਜਿਹੇ ਵਿੱਚ ਘਰ ਚ ਤਿਆਰ ਕੀਤੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ, ਬਾਹਰੀ ਖਾਣੇ ਅਤੇ ਜੰਕ-ਫੂਡ ਤੋਂ ਪ੍ਰਹੇਜ ਕਰੋ। ਖਾਣ-ਪੀਣ ਦੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ, ਪਾਣੀ ਉਬਾਲ ਕੇ ਪੀਓ ਜਾਂ ਫਿਰ ਪੀਣ ਲਈ ਫਿਲਟਰ ਕੀਤੇ ਹੋਏ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉੱਚ ਬੁਖਾਰ, ਥਕਾਵਟ, ਉਲਟੀ ਜਾਂ ਪੇਟ ਦੀ ਤਕਲੀਫ਼ ਹੋਵੇ ਤਾਂ ਤੁਰੰਤ ਨਜ਼ਦੀਕੀ ਸੰਸਥਾ ਨਾਲ ਸੰਪਰਕ ਕਰਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।