ਫਾਈਨਾਂਸ ਬੈਂਕ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਏਯੂ ਸਮਾਲ ਫਾਈਨਾਂਸ ਬੈਂਕ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਇਆ
Publish Date: Wed, 14 Jan 2026 04:42 PM (IST)
Updated Date: Wed, 14 Jan 2026 04:45 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਏਯੂ ਸਮਾਲ ਫਾਈਨਾਂਸ ਬੈਂਕ ਫਾਜ਼ਿਲਕਾ ਬ੍ਰਾਂਚ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਬੈਂਕ ਬ੍ਰਾਂਚ ਦੀ ਕੰਪਲੈਕਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਜਿਸ ਵਿੱਚ ਬੈਂਕ ਸਟਾਫ ਅਤੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਧਾਰਮਿਕ ਮਾਹੌਲ ਵਿੱਚ ਸੰਪੰਨ ਹੋਏ ਇਸ ਆਯੋਜਨ ਦੌਰਾਨ ਪੂਰੇ ਕੰਪਲੈਕਸ ਵਿੱਚ ਸ਼ਾਂਤੀ ਅਤੇ ਸ਼ਰਧਾ ਦਾ ਮਾਹੌਲ ਬਣਿਆ ਰਿਹਾ। ਪਾਠ ਦੌਰਾਨ ਸੰਗਤ ਨੇ ਸ਼ਰਧਾਪੂਰਵਕ ਗੁਰਬਾਣੀ ਦਾ ਸਰਵਣ ਕੀਤਾ। ਇਸ ਮੌਕੇ ਬਾਬਾ ਗੁਰਿੰਦਰ ਸਿੰਘ ਸ਼ੈਰੀ ਵੱਲੋਂ ਲੋਹੜੀ ਦੇ ਤਿਉਹਾਰ ਦੇ ਸਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਲੋਹੜੀ ਸਿਰਫ ਇੱਕ ਤਿਉਹਾਰ ਹੀ ਨਹੀਂ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਏਕਤਾ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮਾਂ ਨਾਲ ਸਮਾਜ ਵਿੱਚ ਸਕਾਰਾਤਮਕ ਸੋਚ ਅਤੇ ਆਪਸੀ ਭਾਈਚਾਰੇ ਨੂੰ ਉਤਸ਼ਾਹ ਮਿਲਦਾ ਹੈ। ਪਾਠ ਦੇ ਭੋਗ ਉਪਰੰਤ ਬੈਂਕ ਪ੍ਰਬੰਧਕਾਂ ਵੱਲੋਂ ਸਾਰਿਆਂ ਲਈ ਪ੍ਰਸਾਦ ਵਰਤਾਇਆ ਗਿਆ। ਬੈਂਕ ਮੈਨੇਜਰ ਸਮੀਨ ਜਿੰਦਲ ਅਤੇ ਨਵਦੀਪ ਭੁੱਲਰ ਨੇ ਹਾਜ਼ਰ ਸਟਾਫ ਅਤੇ ਸੰਗਤ ਨੂੰ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਹਰ ਸਾਲ ਲੋਹੜੀ ਦੇ ਮੌਕੇ ਤੇ ਅਜਿਹੇ ਧਾਰਮਿਕ ਪ੍ਰੋਗਰਾਮ ਉਲੀਕੇ ਜਾਂਦੇ ਹਨ ਅਤੇ ਭਵਿੱਖ ਵਿੱਚ ਵੀ ਇਹ ਪਰੰਪਰਾ ਜਾਰੀ ਰਹੇਗੀ।ਪ੍ਰੋਗਰਾਮ ਵਿੱਚ ਬੈਂਕ ਸਟਾਫ ਦੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲੀ। ਸਾਰਿਆਂ ਨੇ ਇੱਕ-ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਸੁਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਕੁੱਲ ਮਿਲਾ ਕੇ ਲੋਹੜੀ ਦੇ ਮੌਕੇ ਤੇ ਕਰਵਾਇਆ ਗਿਆ ਇਹ ਧਾਰਮਿਕ ਪ੍ਰੋਗਰਾਮ ਸ਼ਾਂਤੀਪੂਰਵਕ ਅਤੇ ਸ਼ਰਧਾਪੂਰਵਕ ਮਾਹੌਲ ਵਿੱਚ ਸੰਪੰਨ ਹੋਇਆ।