‘ਟੀਬੀ ਮੁਕਤ ਭਾਰਤ’ ਤਹਿਤ ਲਗਾਏ ਜਾ ਰਹੇ ਸਪੈਸ਼ਲ ਸਕ੍ਰੀਨਿੰਗ ਕੈਂਪ : ਡਾ. ਕਵਿਤਾ ਸਿੰਘ
100 ਦਿਨਾਂ ਟੀ ਬੀ ਮੁਕਤ ਭਾਰਤ ਅਭਿਆਨ ਤਹਿਤ ਲਗਾਏ ਜਾ ਰਹੇ ਹਨ ਸਪੈਸ਼ਲ ਸਕ੍ਰੀਨਿੰਗ ਕੈਂਪ: ਡਾ. ਕਵਿਤਾ ਸਿੰਘ
Publish Date: Sun, 19 Apr 2026 03:29 PM (IST)
Updated Date: Sun, 19 Apr 2026 03:30 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਟੀਬੀ ਰੋਗ ਸਮਾਜ ਵਿੱਚੋਂ ਖਤਮ ਕਰਨ ਦੇ ਟੀਚੇ ਨਾਲ ‘ਨੈਸ਼ਨਲ ਟੀ.ਬੀ. ਐਲੀਮੀਨੇਸ਼ਨ ਪ੍ਰੋਗਰਾਮ’ ਤਹਿਤ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ 24 ਮਾਰਚ ਤੋਂ ਪੂਰੇ ਭਾਰਤ ਵਿੱਚ ਚਲਾਇਆ ਜਾ ਰਿਹਾ ਹੈ। ਡਾ. ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਦੀ ਨਿਗਰਾਨੀ ਵਿੱਚ ਤੇ ਡਾਕਟਰ ਨੀਲੂ ਚੁੱਘ ਜਿਲ੍ਹਾ ਟੀ.ਬੀ. ਅਫ਼ਸਰ ਫਾਜ਼ਿਲਕਾ ਦੀ ਦੇਖਰੇਖ ਵਿੱਚ ਜਿਲ੍ਹਾ ਫਾਜ਼ਿਲਕਾ ਵਿੱਚ ਇਹ ਪ੍ਰੋਗ੍ਰਾਮ ਸਫ਼ਲਤਾਪੂਰਵਕ ਚੱਲ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਟੀ.ਬੀ ਦੀ ਜਲਦੀ ਪਹਿਚਾਣ ਲਈ ਜਿਲ੍ਹਾ ਫਾਜ਼ਿਲਕਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਅਧੀਨ ਟੀ.ਬੀ ਕੇਸਾਂ ਨਾਲ ਸਬੰਧਤ ਹਾਈ ਰਿਸਕ ਪਿੰਡਾਂ ਵਿੱਚ ਸਪੈਸ਼ਲ ਸਕ੍ਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਹੈਂਡਹੇਲਡ ਐਕਸ ਰੇ ਮਸ਼ੀਨ ਰਾਹੀਂ ਮੁਫ਼ਤ ਐਕਸ ਰੇ ਕੀਤੇ ਜਾਂਦੇ ਹਨ। ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ, ਸਿਹਤ ਵਿਭਾਗ ਨੇ ਹੁਣ ਤੱਕ ਜ਼ਿਲ੍ਹੇ ਵਿੱਚ 33 ਕੈਂਪ ਲਗਾਏ ਹਨ, ਜਿਸ ਵਿੱਚ ਲਗਭਗ 874 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। ਸਿਵਲ ਸਰਜਨ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਜ਼ਿਲ੍ਹੇ ਵਿੱਚ ਸਕ੍ਰੀਨਿੰਗ, ਜਾਗਰੂਕਤਾ ਅਤੇ ਇਲਾਜ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਟੀ.ਬੀ. ਦੇ ਮਰੀਜ਼ਾਂ ਦੀ ਜਲਦੀ ਪਛਾਣ ਅਤੇ ਸੰਪੂਰਨ ਇਲਾਜ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿਮ ਜਾਰੀ ਰਹੇਗੀ ਅਤੇ ਵੱਖ ਵੱਖ ਪਿੰਡਾਂ ਵਿੱਚ ਸਕ੍ਰੀਨਿੰਗ ਅਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ।