ਸੋਸ਼ਲ ਵੈੱਲਫੇਅਰ ਸੁਸਾਇਟੀ 16 ਨੂੰ ਵੰਡੇਗੀ ਰਜਾਈਆਂ
ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ 16 ਜਨਵਰੀ ਨੂੰ ਰਜਾਈਆਂ ਵੰਡੇਗੀ
Publish Date: Wed, 14 Jan 2026 04:07 PM (IST)
Updated Date: Wed, 14 Jan 2026 04:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਾਜ਼ਿਲਕਾ : ਸਮਾਜ ਸੇਵੀ ਸੰਸਥਾ ਸੋਸ਼ਲ ਵੈੱਲਫੇਅਰ ਸੁਸਾਇਟੀ ਲੋੜਵੰਦਾਂ ਨੂੰ ਠੰਢ ਦੇ ਕਹਿਰ ਤੋਂ ਬਚਾਉਣ ਲਈ ਫਾਜ਼ਿਲਕਾ ਵੱਲੋਂ ਇੱਕ ਵਾਰ ਫਿਰ ਰਜਾਈਆਂ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸੱਤਵੇਂ ਸਾਲ ਦੇ ਅੱਠਵੇਂ ਪੜਾਅ ਵਿੱਚ ਸੁਸਾਇਟੀ ਦੇ ਸੁਤੰਤਰਤਾ ਸੈਨਾਨੀ ਲਾਲਾ ਸੁਨਾਮ ਰਾਏ ਐੱਮਏ ਮੈਮੋਰੀਅਲ ਸੈਂਟਰ, ਸਾਹਮਣੇ ਪੁਰਾਣਾ ਸਿਵਲ ਹਸਪਤਾਲ ਵਿਖੇ ਸਥਿਤ ਦਫ਼ਤਰ ਵਿੱਚ 16 ਜਨਵਰੀ ਸ਼ੁੱਕਰਵਾਰ ਨੂੰ ਰਜਾਈਆਂ ਵੰਡੀਆਂ ਜਾਣਗੀਆਂ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਅਤੇ ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਪ੍ਰਾਜੈਕਟ ਦੇ ਇਸ ਪੜਾਅ ਵਿੱਚ ਮੁੱਖ ਯੋਗਦਾਨ ਮੂਲ ਰੂਪ ਵਿੱਚ ਫਾਜ਼ਿਲਕਾ ਵਾਸੀ ਸਮਾਜ ਸੇਵੀ ਐੱਸਵੀਪੀ ਕੈਨੇਡਾ ਦੇ ਸੰਚਾਲਕ ਮਧੂ ਸੂਦਨ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਊਸ਼ਾ ਰਾਣੀ ਸ਼ਰਮਾ ਅਤੇ ਦੀਪਕ ਸ਼ਰਮਾ ਦਾ ਰਹੇਗਾ। ਜ਼ਿਕਰਯੋਗ ਹੈ ਕਿ ਮਧੂਸੂਦਨ ਸ਼ਰਮਾ ਭਾਵੇਂ ਕੈਨੇਡਾ ਵਿੱਚ ਰਹਿੰਦੇ ਹਨ ਪਰ ਉਹ ਆਪਣੇ ਦੇਸ਼ ਦੀ ਮਿੱਟੀ ਨਾਲ ਜੁੜੇ ਹੋਏ ਹਨ ਅਤੇ ਸਮੇਂ-ਸਮੇਂ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਹ ਸੋਸ਼ਲ ਵੈੱਲਫੇਅਰ ਸੁਸਾਇਟੀ ਰਾਹੀਂ ਅੱਖਾਂ ਦਾ ਕੈਂਪ, ਸ਼ੂਗਰ ਚੈੱਕਅਪ ਕੈਂਪ ਅਤੇ ਵੱਖ-ਵੱਖ ਪ੍ਰਾਜੈਕਟਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਹੁਣ ਵੀ ਆਉਣ ਵਾਲੇ ਕੁਝ ਸਮੇਂ ਵਿੱਚ ਉਨ੍ਹਾਂ ਵੱਲੋਂ ਅੱਖਾਂ ਦੇ ਆਪ੍ਰੇਸ਼ਨ ਦਾ ਇੱਕ ਹੋਰ ਮੁਫ਼ਤ ਕੈਂਪ ਜਲਦੀ ਹੀ ਲਗਵਾਇਆ ਜਾਵੇਗਾ। ਇਸ ਦੇ ਨਾਲ ਹੀ ਇਸ ਪੜਾਅ ਦੇ ਰਜਾਈ ਵੰਡ ਪ੍ਰਾਜੈਕਟ ਵਿੱਚ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਸਰਪ੍ਰਸਤ ਉੱਘੇ ਸਮਾਜ ਸੇਵੀ ਬਾਬੂ ਲਾਲ ਅਰੋੜਾ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਸੁਸਾਇਟੀ ਦੇ ਵਿੱਤ ਸਕੱਤਰ ਨਰੇਸ਼ ਮਿੱਤਲ ਨੇ ਕਿਹਾ ਕਿ ਹੁਣ ਤਕ 7 ਪੜਾਵਾਂ ਵਿੱਚ 320 ਰਜਾਈਆਂ ਵੰਡੀਆਂ ਜਾ ਚੁੱਕੀਆਂ ਹਨ। ਰਜਾਈ ਲੈਣ ਦੇ ਚਾਹਵਾਨ ਲਾਭਪਾਤਰੀ ਪ੍ਰਾਜੈਕਟ ਇੰਚਾਰਜ ਰਵੀ ਜੁਨੇਜਾ ਨਾਲ ਸੰਪਰਕ ਕਰ ਸਕਦੇ ਹਨ।