ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼
ਪਿੰਡ ਜੋੜਕੀ ਕੰਕਰ ਵਾਲੀ ‘ਚ ਸ਼੍ਰੀ ਰਾਮ ਮਹਿਮਾ ਕਥਾ ਦਾ ਆਯੋਜਨ
Publish Date: Mon, 06 Apr 2026 06:35 PM (IST)
Updated Date: Mon, 06 Apr 2026 06:38 PM (IST)

ਕਪਿਲ ਜਸੁਜਾ, ਪੰਜਾਬੀ ਜਾਗਰਣ ਫਾਜ਼ਿਲਕਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪਿੰਡ ਜੋੜਕੀ ਕੰਕਰ ਵਾਲੀ ਵਿਖੇ ਤਿੰਨ ਦਿਨਾਂ ਭਗਵਾਨ ਸ਼੍ਰੀ ਰਾਮ ਮਹਿਮਾ ਕਥਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦੂਸਰੇ ਦਿਨ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਮਨ ਭਾਰਤੀ ਨੇ ਭਗਤਾਂ ਅੱਗੇ ਸੀਤਾ ਸਵੰਬਰ ਦਾ ਪ੍ਰਸੰਗ ਵਿਸਥਾਰ ਨਾਲ ਪੇਸ਼ ਕੀਤਾ। ਉਨਾਂ ਨੇ ਆਪਣੇ ਉਪਦੇਸ਼ ਵਿੱਚ ਕਿਹਾ ਕਿ ਜਦੋਂ ਭਗਵਾਨ ਧਰਤੀ ‘ਤੇ ਅਵਤਾਰ ਧਾਰਣ ਕਰਦੇ ਹਨ, ਤਾਂ ਉਹਨਾਂ ਦਾ ਮੂਲ ਉਦੇਸ਼ ਮਨੁੱਖਤਾ ਨੂੰ ਸੱਚ ਦਾ ਅਨੁਭਵ ਕਰਵਾਉਣਾ ਹੁੰਦਾ ਹੈ। ਬ੍ਰਹਮ ਗਿਆਨ ਰਾਹੀਂ ਮਨੁੱਖ ਦੇ ਅੰਦਰ ਵੱਸਦੇ ਅਵਿਨਾਸ਼ੀ ਸੱਚ ਨੂੰ ਪ੍ਰਗਟ ਕੀਤਾ ਜਾਂਦਾ ਹੈ, ਜੋ ਜੀਵਨ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਜੀਵਨ ਉੱਚ ਆਦਰਸ਼ਾਂ, ਸੰਸਕਾਰਾਂ ਅਤੇ ਮਹਾਨ ਚਰਿੱਤਰ ਨਾਲ ਭਰਪੂਰ ਹੈ। ਜੇ ਮਨੁੱਖ ਉਹਨਾਂ ਦੇ ਗੁਣਾਂ ਵਿੱਚੋਂ ਇੱਕ ਗੁਣ ਵੀ ਆਪਣੇ ਜੀਵਨ ਵਿੱਚ ਅਪਣਾ ਲਏ, ਤਾਂ ਉਸਦਾ ਜੀਵਨ ਸਫਲ ਹੋ ਸਕਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਮਨੁੱਖ ਉਹਨਾਂ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਲਾਗੂ ਨਹੀਂ ਕਰ ਰਿਹਾ ਅਤੇ ਵਿਕਾਰਾਂ ਵੱਲ ਵਧ ਰਿਹਾ ਹੈ। ਸਾਧਵੀ ਜੀ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਾ ਮਨੁੱਖ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਜੀਵਨ ਨੂੰ ਅੰਧਕਾਰ ਵਿੱਚ ਧੱਕ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਦਿਸ਼ਾ-ਨਿਰਦੇਸ਼ ਹੇਠ ਸੰਸਥਾਨ ਵੱਲੋਂ ‘ਬੋਧ’ ਨਾਮਕ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਅਧੀਨ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਬ੍ਰਹਮ ਗਿਆਨ ਦੇ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਗਿਆ।