ਦਰੱਖਤ ਨਾਲ ਟਕਰਾਈ ਸਕਾਰਪੀਓ, 3 ਪੁਲਿਸ ਮੁਲਾਜ਼ਮਾਂ ਸਮੇਤ 6 ਜ਼ਖ਼ਮੀ
ਫਾਜ਼ਿਲਕਾ ਹਾਈਵੇਅ 'ਤੇ ਦਰੱਖਤ ਨਾਲ ਟਕਰਾਈ ਸਕਾਰਪੀਓ
Publish Date: Tue, 03 Feb 2026 05:44 PM (IST)
Updated Date: Tue, 03 Feb 2026 05:47 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ-ਮਲੋਟ ਹਾਈਵੇਅ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਬੇਕਾਬੂ ਸਕਾਰਪੀਓ ਗੱਡੀ ਸੜਕ ਕਿਨਾਰੇ ਲੱਗੇ ਇੱਕ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵੇਲੇ ਗੱਡੀ ਵਿੱਚ ਕੁੱਲ 6 ਲੋਕ ਸਵਾਰ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਦੇਵੀ ਦਿਆਲ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਡਿਊਟੀ ਤੇ ਤਾਇਨਾਤ ਸਨ, ਜਦੋਂ ਉਨ੍ਹਾਂ ਨੂੰ ਅਰਨੀਵਾਲਾ ਦੇ ਨੇੜੇ ਹਾਦਸਾ ਹੋਣ ਦੀ ਸੂਚਨਾ ਮਿਲੀ। ਮੌਕੇ ਤੇ ਪਹੁੰਚ ਕੇ ਪਤਾ ਲੱਗਿਆ ਕਿ ਹਾਦਸਾਗ੍ਰਸਤ ਗੱਡੀ ਵਿੱਚ ਸਵਾਰ 6 ਲੋਕਾਂ ਵਿੱਚੋਂ 3 ਪੁਲਿਸ ਕਰਮਚਾਰੀ ਹਨ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦੋ ਵਿਅਕਤੀਆਂ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਸਿਰਸਾ ਅਤੇ ਇੰਸਪੈਕਟਰ ਹਰਮਿੰਦਰ ਸਿੰਘ ਇੰਸਪੈਕਟਰ ਸੀ.ਆਈ.ਏ. ਮੋਹਾਲੀ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਏਮਜ਼ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਹਾਦਸਾ ਗੱਡੀ ਦੇ ਅਚਾਨਕ ਬੇਕਾਬੂ ਹੋ ਜਾਣ ਕਾਰਨ ਵਾਪਰਿਆ, ਜਿਸ ਤੋਂ ਬਾਅਦ ਉਹ ਸਿੱਧੀ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਅਤੇ ਦੋ ਗੰਭੀਰ ਜ਼ਖਮੀਆਂ ਨੂੰ ਹਾਈਟੈਕ ਐਂਬੂਲੈਂਸ ਰਾਹੀਂ ਬਠਿੰਡਾ ਪਹੁੰਚਾਇਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਗੱਡੀ ਦੇ ਬੇਕਾਬੂ ਹੋਣ ਦਾ ਅਸਲ ਕਾਰਨ ਕੀ ਸੀ।