ਸੜਕ ਵਿਕਾਸ ਨਾਲ ਇਲਾਕੇ ਨੂੰ ਮਿਲੇਗੀ ਨਵੀਂ ਰਫ਼ਤਾਰ, 69 ਲੱਖ ਦਾ ਪ੍ਰਾਜੈਕਟ ਸ਼ੁਰੂ
ਸੜਕ ਵਿਕਾਸ ਨਾਲ ਇਲਾਕੇ ਨੂੰ ਮਿਲੇਗੀ ਨਵੀਂ ਰਫ਼ਤਾਰ,69 ਲੱਖ ਦਾ ਪ੍ਰੋਜੈਕਟ ਸ਼ੁਰੂ
Publish Date: Tue, 17 Mar 2026 03:42 PM (IST)
Updated Date: Tue, 17 Mar 2026 03:46 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਇਲਾਕੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ। ਐੱਫ-ਐੱਫ ਰੋਡ ਤੋਂ ਪਿੰਡ ਬੈਲਰ ਤੱਕ ਬਣ ਰਹੇ ਬਾਬਾ ਭੁੱਮਣ ਸ਼ਾਹ ਮਾਰਗ ਨੂੰ ਚੌੜਾ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਲਗਭਗ 69 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਮਾਰਗ 2.60 ਕਿਲੋਮੀਟਰ ਲੰਬਾ ਹੋਵੇਗਾ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ’ਤੇ ਦੇਹਰਾਦੂਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪਰਮ ਸੰਤ ਸਵਾਮੀ ਵਿਵੇਕਾਨੰਦ (ਉੱਤਰਾਖੰਡ) ਨੇ ਰਸਮੀ ਤੌਰ ’ਤੇ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ। ਸਵਾਮੀ ਵਿਵੇਕਾਨੰਦ ਨੇ ਕਿਹਾ ਕਿ ਪਿੰਡਾਂ ਦੀ ਤਰੱਕੀ ਲਈ ਮਜ਼ਬੂਤ ਸੜਕਾਂ ਬਹੁਤ ਜ਼ਰੂਰੀ ਹਨ। ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਚੌੜਾ ਹੋਣ ਨਾਲ ਨਾ ਸਿਰਫ਼ ਪਿੰਡ ਬੈਲਰ, ਸਗੋਂ ਆਸ-ਪਾਸ ਦੇ ਕਈ ਪਿੰਡਾਂ ਨੂੰ ਵੀ ਸਿੱਧਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸੜਕਾਂ, ਪਾਣੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਦੇਣਾ ਸਰਕਾਰ ਦੀ ਪਹਿਲ ਹੈ। ਵਿਧਾਇਕ ਗੋਲਡੀ ਨੇ ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਲਾਕੇ ਵਿੱਚ ਹੋਰ ਵਿਕਾਸੀ ਪ੍ਰੋਜੈਕਟ ਲਿਆਂਦੇ ਜਾਣਗੇ ਤਾਂ ਜੋ ਹਰ ਪਿੰਡ ਤੱਕ ਤਰੱਕੀ ਦੀ ਰੋਸ਼ਨੀ ਪਹੁੰਚ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਨਿਰਧਾਰਤ ਸਮੇਂ ਅੰਦਰ ਇਸ ਪ੍ਰੋਜੈਕਟ ਨੂੰ ਪੂਰਾ ਕਰਵਾ ਕੇ ਲੋਕਾਂ ਲਈ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ’ਤੇ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਇਲਾਕੇ ਦੇ ਮਾਣਯੋਗ ਵਿਅਕਤੀ, ਯੂਥ ਵਰਕਰ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨ ਵੀ ਮੌਜੂਦ ਸਨ। ਅੰਤ ਵਿੱਚ ਇਲਾਕਾ ਵਾਸੀਆਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਮੀਦ ਜਤਾਈ ਗਈ ਕਿ ਇਹ ਸੜਕ ਤਿਆਰ ਹੋਣ ਨਾਲ ਇਲਾਕੇ ਦੇ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।