ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਲੈ ਕੇ ਰੰਜਮ ਕਾਮਰਾ ਵੱਲੋਂ ਸਰਹੱਦੀ ਪਿੰਡਾਂ ’ਚ ਲਾਮਬੰਦੀ
ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਲੈ ਕੇ ਰੰਜਮ ਕਾਮਰਾ ਵੱਲੋਂ ਸਰਹੱਦੀ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਜਾਰੀ
Publish Date: Wed, 11 Mar 2026 05:45 PM (IST)
Updated Date: Wed, 11 Mar 2026 05:48 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ 2026 ਨੂੰ ਮੋਗਾ ਵਿੱਚ ਹੋਣ ਵਾਲੀ ਵਿਸ਼ਾਲ ਰੈਲੀ ਨੂੰ ਲੈ ਕੇ ਪੰਜਾਬ ਭਾਜਪਾ ਦੇ ਆਗੂ ਅਤੇ ਸਾਰੇ ਸੈਲਾਂ ਦੇ ਇੰਚਾਰਜ ਰੰਜਮ ਕਾਮਰਾ ਵੱਲੋਂ ਭਾਜਪਾ ਆਗੂਆਂ ਦੇ ਨਾਲ ਸਰਹੱਦੀ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿੱਚ ਹੋਣ ਜਾ ਰਹੀ ਇਸ ਵਿਸ਼ਾਲ ਜਨ ਸਭਾ ਲਈ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦਾ ਨਿਮੰਤਰਣ ਦਿੱਤਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਆਗੂ ਅਤੇ ਪੰਜਾਬ ਦੇ ਸਾਰੇ ਸੈਲਾਂ ਦੇ ਇੰਚਾਰਜ ਰੰਜਮ ਕਾਮਰਾ ਨੇ ਸਰਹੱਦੀ ਪਿੰਡਾਂ ਵਿੱਚ ਕਰਮਚਾਰੀਆਂ ਅਤੇ ਆਮ ਲੋਕਾਂ ਨਾਲ ਮੀਟਿੰਗਾਂ ਕਰਦਿਆਂ ਅਪੀਲ ਕੀਤੀ ਕਿ 14 ਮਾਰਚ ਨੂੰ ਵੱਡੀ ਗਿਣਤੀ ਵਿੱਚ ਮੋਗਾ ਪਹੁੰਚ ਕੇ ਰੈਲੀ ਨੂੰ ਕਾਮਯਾਬ ਬਣਾਇਆ ਜਾਵੇ। ਮੀਟਿੰਗਾਂ ਦੌਰਾਨ ਉਨ੍ਹਾਂ ਨੇ ਭਾਜਪਾ ਦੇ 2027 ਦੇ ‘ਪੰਜਾਬ ਵਿਜ਼ਨ’ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਅਤੇ ਗੈਂਗਸਟਰ ਮੁਕਤ ਪੰਜਾਬ ਬਣਾਉਣ ਲਈ ਵਚਨਬੱਧ ਹੈ ਅਤੇ ਸੂਬੇ ਨੂੰ ਵਿਕਾਸ, ਰੋਜ਼ਗਾਰ, ਉਦਯੋਗ ਅਤੇ ਸੁਰੱਖਿਅਤ ਮਾਹੌਲ ਦੀ ਦਿਸ਼ਾ ਵਿੱਚ ਅੱਗੇ ਲੈ ਜਾਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ, ਨੌਜਵਾਨਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨਾ, ਕਿਸਾਨਾਂ ਨੂੰ ਬਿਹਤਰ ਸੁਵਿਧਾਵਾਂ ਦੇਣਾ ਅਤੇ ਸਰਹੱਦੀ ਇਲਾਕਿਆਂ ਦੇ ਵਿਕਾਸ ਨੂੰ ਤਰਜੀਹ ਦੇਣਾ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਮਹਾਮੰਤਰੀ ਅਸ਼ਵਨੀ ਫੂਟੇਲਾ, ਜ਼ਿਲ੍ਹਾ ਐੱਸ.ਸੀ. ਮੋਰਚਾ ਪ੍ਰਧਾਨ ਖੁਸ਼ਹਾਲ ਸਿੰਘ ਗਾਗਨ, ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਹੈਪੀ ਮੌਜਮ, ਜਾਂਗੀਰ ਸਿੰਘ ਸਮੇਤ ਹੋਰ ਭਾਜਪਾ ਕਰਮਚਾਰੀ ਵੀ ਮੌਜੂਦ ਰਹੇ।