ਪੰਜਾਬ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ : ਡਾ. ਕਵਿਤਾ ਸਿੰਘ
ਪੰਜਾਬ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ: ਡਾ. ਕਵਿਤਾ ਸਿੰਘ
Publish Date: Fri, 27 Feb 2026 06:34 PM (IST)
Updated Date: Fri, 27 Feb 2026 06:37 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਟੀ.ਬੀ. ਦੀ ਬਿਮਾਰੀ ਨੂੰ ਸਮਾਜ ਵਿੱਚੋਂ ਖਤਮ ਕਰਨ ਦੇ ਟੀਚੇ ਨਾਲ ਨੈਸ਼ਨਲ ਟੀ.ਬੀ. ਅਲੀਮੀਨੇਸ਼ਨ ਪ੍ਰੋਗ੍ਰਾਮ ਚੱਲ ਰਿਹਾ ਹੈ। ਡਾ.ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਨਿਗਰਾਨੀ ਵਿੱਚ ਡਾ. ਨੀਲੂ ਚੁੱਘ ਜਿਲ੍ਹਾ ਟੀ.ਬੀ. ਅਫ਼ਸਰ ਫਾਜ਼ਿਲਕਾ ਦੀ ਦੇਖਰੇਖ ਵਿੱਚ ਜਿਲ੍ਹਾ ਫਾਜ਼ਿਲਕਾ ਵਿੱਚ ਇਹ ਪ੍ਰੋਗ੍ਰਾਮ ਸਫ਼ਲਤਾਪੂਰਵਕ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਟੀ.ਬੀ ਦੀ ਜਲਦੀ ਪਹਿਚਾਣ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਅਧੀਨ ਆਮ ਆਦਮੀ ਕਲੀਨਿਕਾਂ ਵਿੱਚ ਸਪੈਸ਼ਲ ਸਕ੍ਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਹੈਂਡਹੇਲਡ ਐਕਸ ਰੇ ਮਸ਼ੀਨ ਰਾਹੀਂ ਮੁਫ਼ਤ ਐਕਸ-ਰੇ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਕੈਂਪ 28 ਫਰਵਰੀ ਨੂੰ ਆਮ ਆਦਮੀ ਕਲੀਨਿਕ ਅਰਨੀਵਾਲਾ, 2 ਮਾਰਚ ਨੂੰ ਆਮ ਆਦਮੀ ਕਲੀਨਿਕ ਪੁਰਾਣਾ ਹਸਪਤਾਲ ਫਾਜ਼ਿਲਕਾ ਅਤੇ ਨਵੀ ਆਬਾਦੀ ਅਬੋਹਰ, 3 ਮਾਰਚ ਨੂੰ ਓਟ ਸੈਂਟਰ ਜੱਟ ਵਾਲੀ ਅਤੇ ਆਮ ਆਦਮੀ ਕਲੀਨਿਕ ਪਟੇਲ ਨਗਰ ਅਬੋਹਰ, 5 ਮਾਰਚ ਨੂੰ ਆਮ ਆਦਮੀ ਕਲੀਨਿਕ ਟਾਹਲੀਵਾਲਾ ਬੋਦਲਾਂ ਅਤੇ ਖੁੱਬਣ, 6 ਮਾਰਚ ਨੂੰ ਆਮ ਆਦਮੀ ਕਲੀਨਿਕ ਕਰਨੀ ਖੇੜਾ ਅਤੇ ਦਤਾਰਿਆਂ ਵਾਲੀ, 7 ਮਾਰਚ ਨੂੰ ਆਮ ਆਦਮੀ ਕਲੀਨਿਕ ਬੱਲੂਆਣਾ, 9 ਮਾਰਚ ਨੂ ਆਮ ਆਦਮੀ ਕਲੀਨਿਕ ਝੁੰਬਿਆਂਵਾਲੀ, 10 ਮਾਰਚ ਨੂੰ ਆਮ ਆਦਮੀ ਕਲੀਨਿਕ ਖਾਂਟਵਾਂ ਅਤੇ ਵਰਿਆਮ ਖੇੜਾ ਵਿਖੇ ਲੱਗਣਗੇ। ਡਾ. ਨੀਲੂ ਚੁੱਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ 15 ਦਿਨਾਂ ਤੋਂ ਜ਼ਿਆਦਾ ਖਾਂਸੀ, ਸ਼ਾਮ ਦੇ ਸਮੇਂ ਬੁਖਾਰ, ਭਾਰ ਘਟਨਾ, ਭੁੱਖ ਨਾ ਲੱਗਣਾ, ਸਾਹ ਲੈਣ ਵਿੱਚ ਦਿੱਕਤ ਆਵੇ ਤਾਂ ਟੀ.ਬੀ. ਹੋ ਸਕਦੀ ਹੈ। ਇਸ ਲਈ ਇਨ੍ਹਾ ਕੈਂਪਾਂ ਵਿੱਚ ਜਾਂ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਨਾਲ ਸਲਾਹ ਕੀਤੀ ਜਾਵੇ ਅਤੇ ਟੈਸਟ ਕਰਵਾਏ ਜਾਣ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦਾ ਇਲਾਜ ਮੁਫਤ ਉਪਲੱਬਧ ਹੈ। ਉਹਨਾਂ ਟੀ.ਬੀ. ਦੇ ਮਰੀਜ਼ਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਡਾਕਟਰ ਦੇ ਦੱਸੇ ਅਨੁਸਾਰ ਦਵਾਈਆਂ ਦਾ ਪੂਰਾ ਕੋਰਸ ਕਰੋ, ਦੂਜਿਆ ਨਾਲ ਨੇੜਲੇ ਸੰਪਰਕ ਤੋਂ ਪ੍ਰਹੇਜ਼ ਕਰੋ ਖਾਸ ਕਰਕੇ ਇਲਾਜ ਦੇ ਸ਼ੁਰੂਆਤੀ ਪੜ੍ਹਾਅ ਵਿੱਚ, ਬਿਸਤਰੇ ਅਤੇ ਕੱਪੜੇ ਅਲੱਗ ਰੱਖੋ, ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਢੱਕੋ, ਹਵਾਦਾਰ ਕਮਰਿਆਂ ਵਿੱਚ ਰਹੋ, ਸੰਤੁਲਿਤ ਭੋਜਨ ਖਾਓ, ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ, ਸ਼ਰਾਬ ਅਤੇ ਤੰਬਾਕੂ ਤੋਂ ਪ੍ਰਹੇਜ਼ ਕਰੋ, ਮਾਸਕ ਪਹਿਣੋ। ਉਹਨਾਂ ਦੱਸਿਆ ਕਿ ਟੀ.ਬੀ. ਦੀ ਦਵਾਈ ਖਾ ਰਹੇ ਮਰੀਜ਼ਾਂ ਵਿੱਚ ਅਕਸਰ ਕਮਜ਼ੋਰੀ ਆ ਜਾਂਦੀ ਹੈ ਜਿਸ ਕਾਰਨ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ। ਜੇਕਰ ਟੀ.ਬੀ. ਦੇ ਮਰੀਜ਼ ਨੂੰ ਦਵਾਈ ਦੇ ਨਾਲ ਨਾਲ ਪੂਰੀ ਅਤੇ ਸੰਤੁਲਤ ਖੁਰਾਕ ਮਿਲ ਜਾਵੇ ਤਾਂ ਉਹ ਜਲਦੀ ਠੀਕ ਹੋ ਜਾਂਦਾ ਹੈ।