ਜਲਾਲਾਬਾਦ ’ਚ ਵਧ ਰਹੀਆਂ ਲੁੱਟਾਂ-ਖੋਹਾਂ ਤੇ ਚੋਰੀਆਂ ਵਿਰੁੱਧ ਰੋਸ ਪ੍ਰਦਰਸ਼ਨ
ਜਲਾਲਾਬਾਦ ਵਿੱਚ ਵਧ ਰਹੀਆਂ ਲੁੱਟਾਂ,ਖੋਹਾਂ ਤੇ ਚੋਰੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ
Publish Date: Mon, 09 Feb 2026 04:31 PM (IST)
Updated Date: Mon, 09 Feb 2026 04:32 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸ਼ਹਿਰ ਵਿੱਚ ਲਗਾਤਾਰ ਵਧ ਰਹੀਆਂ ਲੁੱਟਾਂ, ਖੋਹਾਂ, ਚੋਰੀਆਂ ਅਤੇ ਡਕੈਤੀਆਂ ਦੀਆਂ ਘਟਨਾਵਾਂ ਦੇ ਖਿਲਾਫ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਵਪਾਰ ਮੰਡਲ, ਭਾਜਪਾ ਖੱਤਰੀ ਸਭਾ ਅਤੇ ਸ਼ਹਿਰ ਦੀਆਂ ਕਈ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਵੱਲੋਂ ਪੂਰਾ ਸਮਰਥਨ ਮਿਲਿਆ। ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਲਾਲਾਬਾਦ ਵਿੱਚ ਅਪਰਾਧਿਕ ਘਟਨਾਵਾਂ ਦਿਨੋਂਦਿਨ ਵੱਧ ਰਹੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਲੋਕ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਵੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਦਕਿ ਵਪਾਰੀਆਂ ਨੂੰ ਵੀ ਲਗਾਤਾਰ ਲੁੱਟਾਂ ਕਾਰਨ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਹਿਰ ਦੀਆਂ ਸੜਕਾਂ ’ਤੇ ਕਾਪਿਆਂ, ਦਾਤਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰੇ ਖੁੱਲ੍ਹੇਆਮ ਘੁੰਮ ਰਹੇ ਹਨ, ਜੋ ਰਾਹਗੀਰਾਂ ਨੂੰ ਜਖ਼ਮੀ ਕਰਕੇ ਉਨ੍ਹਾਂ ਤੋਂ ਮੋਬਾਈਲ, ਨਕਦੀ ਤੇ ਹੋਰ ਕੀਮਤੀ ਸਮਾਨ ਲੁੱਟ ਰਹੇ ਹਨ, ਪਰ ਪੁਲਿਸ ਵੱਲੋਂ ਅਜੇ ਤੱਕ ਕਿਸੇ ਢੰਗ ਦੀ ਠੋਸ ਕਾਰਵਾਈ ਨਹੀਂ ਕੀਤੀ ਗਈ। ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਕਿਹਾ ਕਿ ਜੇਕਰ ਪੁਲਿਸ ਨੇ ਜਲਦੀ ਸਖ਼ਤ ਕਦਮ ਨਾ ਚੁੱਕੇ ਤਾਂ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਟੁੱਟ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਨਾਕਾਬੰਦੀ ਵਧਾਈ ਜਾਵੇ, ਰਾਤੀ ਗਸ਼ਤ ਮਜ਼ਬੂਤ ਕੀਤੀ ਜਾਵੇ ਅਤੇ ਅਪਰਾਧੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਕਾਂਗਰਸ ਦੇ ਬਲਾਕ ਸ਼ਹਿਰੀ ਪ੍ਰਧਾਨ ਬੰਟੀ ਵਾਟਸ ਅਤੇ ਦਿਹਾਤੀ ਪ੍ਰਧਾਨ ਸਿੰਦਰ ਮਹਾਲਮ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਿਰਫ਼ ਦਾਅਵੇ ਕਰ ਰਿਹਾ ਹੈ, ਪਰ ਹਕੀਕਤ ਵਿੱਚ ਅਪਰਾਧ ਰੁਕਣ ਦੀ ਬਜਾਏ ਹੋਰ ਵੱਧ ਰਹੇ ਹਨ। ਕਾਂਗਰਸੀ ਆਗੂ ਅੰਮ੍ਰਿਤਪਾਲ ਸਿੰਘ ਨੀਲਾ ਮਦਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਾਲਾਤ ਨਹੀਂ ਸੁਧਰੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਖੱਤਰੀ ਸਭਾ ਦੇ ਪ੍ਰਧਾਨ ਦੀਪਕ ਸਹਿਗਲ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਫਾਜ਼ਿਲਕਾ ਪ੍ਰਧਾਨ ਜਤਿੰਦਰ ਇੱਛਪੂਜਾਨੀ ਨੇ ਕਿਹਾ ਕਿ ਵਪਾਰੀ ਵਰਗ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਲਗਾਤਾਰ ਹੋ ਰਹੀਆਂ ਚੋਰੀਆਂ ਅਤੇ ਲੁੱਟਾਂ ਨਾਲ ਵਪਾਰ ਉੱਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਲੋਕਾਂ ਦਾ ਪੁਲਿਸ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।ਇਸ ਮੌਕੇ ਹਰਜਿੰਦਰ ਵਿਰਕ ਰੋਹੀ ਵਾਲਾ, ਸਤਨਾਮ ਸਿੰਘ ਥਿੰਦ, ਰਿੰਕੂ ਖਾਲਸਾ ਮੌਜੂਦ ਸਨ। ਰੋਸ ਪ੍ਰਦਰਸ਼ਨ ਦੌਰਾਨ ਥਾਣਾ ਮੁਖੀ ਇੰਸ ਅੰਗਰੇਜ਼ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਵਿਵਸਥਾ ਨੂੰ ਜਲਦ ਦਰੁਸਤ ਕੀਤਾ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ।