ਜਲਾਲਾਬਾਦ ’ਚ ਅੱਧੀ ਰਾਤ ਨੂੰ ਪੁਲਿਸ ਦੀ ਰੇਡ
ਜਲਾਲਾਬਾਦ ਵਿੱਚ ਅੱਧੀ ਰਾਤ ਨੂੰ ਪੁਲਿਸ ਦੀ ਰੇਡ
Publish Date: Wed, 11 Feb 2026 05:04 PM (IST)
Updated Date: Wed, 11 Feb 2026 05:05 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਵਿੱਚ ਨਾਜਾਇਜ਼ ਮਾਈਨਿੰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਡੀਐੱਸਪੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਦੇਰ ਰਾਤ ਛਾਪੇਮਾਰੀ ਕੀਤੀ। ਸਰਚ ਅਪਰੇਸ਼ਨ ਦੌਰਾਨ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਦੇਖ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਇੱਕ ਟਰੈਕਟਰ ਅਤੇ ਇੱਕ ਰੇਤ ਨਾਲ ਭਰੀ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲਿਆ ਹੈ। ਜਲਾਲਾਬਾਦ ਦੇ ਡੀ.ਐਸ.ਪੀ. ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਦੇਰ ਰਾਤ ਪੁਲਿਸ ਟੀਮਾਂ ਬਣਾ ਕੇ ਚੈਕਿੰਗ ਕੀਤੀ ਹੈ। ਪੁਲਿਸ ਟੀਮ ਵੱਲੋਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਪਿੰਡ ਤਾਰੇਵਾਲਾ ਤੋਂ ਲੈ ਕੇ ਚੰਦਭਾਨ ਡਰੇਨ ਤੱਕ ਤਲਾਸ਼ੀ ਲਈ ਜਾ ਰਹੀ ਸੀ ਕਿ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ, ਜਦਕਿ ਪੁਲਿਸ ਨੇ ਮੌਕੇ ਤੋਂ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਦੀ ਦੂਜੀ ਟੀਮ ਨੂੰ ਪਿੰਡ ਪਾਲੀਵਾਲ ਦੇ ਨੇੜੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਦਾ ਕਹਿਣਾ ਹੈ ਕਿ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।