ਪੀਓ ਸਟਾਫ਼ ਨੇ ਚੋਰੀ ਤੇ ਮਾਈਨਿੰਗ ਕੇਸ ’ਚ ਲੋੜੀੰਦਾ ਭਗੌੜਾ ਦਬੋਚਿਆ
ਪੀ.ਓ. ਸਟਾਫ਼ ਨੇ ਚੋਰੀ ਤੇ ਮਾਈਨਿੰਗ ਕੇਸ ਦਾ ਭਗੌੜਾ ਦਬੋਚਿਆ
Publish Date: Mon, 02 Mar 2026 04:37 PM (IST)
Updated Date: Mon, 02 Mar 2026 04:37 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਪੁਲਿਸ ਪ੍ਰਸ਼ਾਸਨ ਵੱਲੋਂ ਭਗੌੜਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਫਾਜ਼ਿਲਕਾ ਪੀ.ਓ. ਸਟਾਫ਼ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਚੋਰੀ ਅਤੇ ਨਾਜਾਇਜ਼ ਮਾਈਨਿੰਗ ਦੇ ਪੁਰਾਣੇ ਮਾਮਲੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਫ਼ਰਾਰ ਚੱਲ ਰਹੇ ਇੱਕ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੀ.ਓ. ਸਟਾਫ਼ ਦੇ ਇੰਚਾਰਜ ਏ.ਐਸ.ਆਈ. ਰਤਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਐਸ.ਪੀ. ਗੁਰਮੀਤ ਸਿੰਘ ਅਤੇ ਐਸ.ਪੀ. (ਡੀ) ਤਰੁਣ ਰਤਨ ਦੇ ਸਖ਼ਤ ਨਿਰਦੇਸ਼ਾਂ ਤੇ ਜ਼ਿਲ੍ਹੇ ਵਿੱਚ ਲੋੜੀਂਦੇ ਅਪਰਾਧੀਆਂ ਦੀ ਫੜੋ-ਫੜੀ ਤੇਜ਼ ਕੀਤੀ ਗਈ ਹੈ। ਇਸੇ ਤਹਿਤ ਪੁਲਿਸ ਟੀਮ ਨੇ ਮੰਗਤ ਸਿੰਘ ਪੁੱਤਰ ਬੱਬੂ ਸਿੰਘ (ਨਿਵਾਸੀ ਪੀਰੇ ਕੇ ਉਤਾੜ, ਅਬੋਹਰ) ਨੂੰ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਸਾਲ 2020 ਵਿੱਚ ਥਾਣਾ ਸਿਟੀ ਅਬੋਹਰ ਵਿਖੇ ਧਾਰਾ 379 ਆਈ.ਪੀ.ਸੀ. ਅਤੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਲਗਾਤਾਰ ਅਦਾਲਤ ਤੋਂ ਗ਼ੈਰ-ਹਾਜ਼ਰ ਰਹਿਣ ਕਾਰਨ 17 ਜਨਵਰੀ 2026 ਨੂੰ ਮਾਨਯੋਗ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ।ਪੀ.ਓ. ਸਟਾਫ਼ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਦਬੋਚ ਲਿਆ ਅਤੇ ਉਸ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਹੈ। ਇਸ ਕਾਰਵਾਈ ਦੌਰਾਨ ਐਚ.ਸੀ. ਜਸਵਿੰਦਰ ਸਿੰਘ ਅਤੇ ਐਚ.ਸੀ. ਮਨਵੀਰ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।