ਸੂਚੀਬੱਧ ਹਸਪਤਾਲਾਂ ’ਚ ਅਲਟਰਾ ਸਾਉੰਡ ਸਹੂਲਤ ਵੀ ਸ਼ੁਰੂ : ਡਾ. ਕਵਿਤਾ ਸਿੰਘ
ਆਮ ਆਦਮੀ ਕਲੀਨਿਕਾਂ ਰਾਹੀਂ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਲੋਕਾਂ ਨੂੰ ਮਿਲ ਰਹੀਆਂ ਨੇ ਵਿਸਤ੍ਰਿਤ ਸਿਹਤ ਸੇਵਾਵਾਂ :ਡਾ.ਕਵਿਤਾ ਸਿੰਘ
Publish Date: Mon, 05 Jan 2026 04:54 PM (IST)
Updated Date: Mon, 05 Jan 2026 04:56 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਮੁਫ਼ਤ, ਗੁਣਵੱਤਾਪੂਰਨ ਅਤੇ ਵਿਸਤ੍ਰਿਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਲੋਕਾਂ ਲਈ ਬਣੇ 26 ਕਲੀਨਿਕ ਵੱਡੀ ਸਹੂਲਤ ਸਾਬਤ ਹੋ ਰਹੇ ਹਨ। ਇਨ੍ਹਾਂ ਕਲੀਨਿਕਾਂ ਰਾਹੀਂ ਹਰ ਰੋਜ਼ ਸੈਂਕੜੇ ਮਰੀਜ਼ ਲਾਭ ਪ੍ਰਾਪਤ ਕਰ ਰਹੇ ਹਨ। ਸਾਲ 2025 ਵਿਖੇ 756764 ਉ ਪੀ ਡੀ ਕੀਤੀ ਗਈ ਜਿਨਾਂ ਵਿੱਚ 2 ਲੱਖ 66 ਹਜ਼ਾਰ 662 ਟੈਸਟ ਕੀਤੇ ਗਏ। ਜਾਣਕਾਰੀ ਦਿੰਦਿਆਂ ਸਿਵਿਲ ਸਰਜਨ ਡਾ.ਕਵਿਤਾ ਸਿੰਘ ਦੱਸੀਆਂ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ, ਬੁਖਾਰ, ਖੰਘ, ਜ਼ੁਕਾਮ, ਬਲੱਡ ਪ੍ਰੈਸ਼ਰ, ਸ਼ੂਗਰ, ਦਮਾ, ਪੇਟ ਅਤੇ ਚਮੜੀ ਨਾਲ ਸੰਬੰਧਿਤ ਆਮ ਬੀਮਾਰੀਆਂ ਦਾ ਇਲਾਜ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਨਾਲ ਹੀ ਮੁਫ਼ਤ ਲੈਬ ਟੈਸਟਾਂ ਦੀ ਸਹੂਲਤ ਵੀ ਉਪਲਬਧ ਹੈ, ਜਿਸ ਨਾਲ ਲੋਕਾਂ ਨੂੰ ਮਹਿੰਗੀਆਂ ਪ੍ਰਾਈਵੇਟ ਲੈਬੋਰਟਰੀਆਂ ਵਿੱਚ ਜਾਣ ਦੀ ਲੋੜ ਨਹੀਂ ਰਹੀ। ਮਾਤਾ ਤੇ ਸ਼ਿਸ਼ੁ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਹੁਣ ਫ਼ਾਜ਼ਿਲਕਾ ਜ਼ਿਲ੍ਹੇ ਦੇ ਸੂਚੀਬੱਧ ਹਸਪਤਾਲਾਂ ਵਿੱਚ ਅਲਟਰਾ ਜਾਂਚ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ। ਇਸ ਸਹੂਲਤ ਦੇ ਨਾਲ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਜਾਂਚ ਸੰਭਵ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਦੂਰ ਦਰਾਜ਼ ਜਾਂ ਮਹਿੰਗੇ ਪ੍ਰਾਈਵੇਟ ਹਸਪਤਾਲਾਂ ’ਚ ਜਾਣ ਤੋਂ ਰਾਹਤ ਮਿਲੀ ਹੈ। ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਅਲਟਰਾ ਸਾਉੰਡ ਜਾਂਚ ਕੀਤੀ ਜਾ ਰਹੀ ਹੈ। ਇਹ ਸੁਵਿਧਾ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਹੀ ਹੈ. ਇਸ ਦੇ ਨਾਲ ਹੀ ਪ੍ਰਧਾਨਮੰਤਰੀ ਮਾਤ੍ਰਿਤਵ ਸੁਰੱਖਿਆ ਅਭਿਆਨ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਵਿਸ਼ੇਸ਼ ਸਿਹਤ ਕੈਂਪ ਨਿਯਮਿਤ ਤੌਰ ’ਤੇ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੌਰਾਨ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਸਿਹਤ ਜਾਂਚ, ਬਲੱਡ ਪ੍ਰੈਸ਼ਰ, ਸ਼ੂਗਰ, ਖੂਨ ਦੀ ਜਾਂਚ ਅਤੇ ਲੋੜ ਅਨੁਸਾਰ ਅਲਟਰਾ ਸਾਉੰਡ ਜਾਂਚ ਕਰਵਾਈ ਜਾਂਦੀ ਹੈ। ਕੈਂਪਾਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਉੱਚ ਜੋਖਮ ਵਾਲੀਆਂ ਗਰਭਾਵਸਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਰੈਫਰਲ, ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਨਾਲ ਹੀ ਮਹਿਲਾਵਾਂ ਨੂੰ ਪੋਸ਼ਣ, ਆਇਰਨ-ਫੋਲਿਕ ਐਸਿਡ ਦੀ ਮਹੱਤਤਾ, ਸੁਰੱਖਿਅਤ ਡਿਲੀਵਰੀ ਅਤੇ ਨਵਜੰਮੇ ਬੱਚੇ ਦੀ ਸੰਭਾਲ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਨੇ ਕਿਹਾ ਕਿ ‘ਆਮ ਆਦਮੀ ਕਲੀਨਿਕਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਸਿਹਤ ਸਹੂਲਤਾਂ ਨਾਲ ਲੋਕਾਂ ਨੂੰ ਘਰ ਦੇ ਨੇੜੇ ਹੀ ਬਿਹਤਰ ਇਲਾਜ ਮਿਲ ਰਿਹਾ ਹੈ। ਅਲਟਰਾ ਸਾਉੰਡ ਸਹੂਲਤ ਅਤੇ ਪ੍ਰਧਾਨਮੰਤਰੀ ਮਾਤ੍ਰਿਤਵ ਸੁਰੱਖਿਆ ਅਭਿਆਨ ਤਹਿਤ 9 ਅਤੇ 23 ਤਾਰੀਖ ਦੇ ਕੈਂਪ ਮਾਤਾ ਤੇ ਬੱਚੇ ਦੀ ਸਿਹਤ ਸੁਰੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸਾਡਾ ਉਦੇਸ਼ ਮਾਤਾ ਅਤੇ ਸ਼ਿਸ਼ੁ ਮੌਤ ਦਰ ਨੂੰ ਘਟਾਉਣਾ ਹੈ।’ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਮ ਆਦਮੀ ਕਲੀਨਿਕਾਂ ਅਤੇਆਮ ਆਦਮੀ ਕਲੀਨਿਕ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। –––ਕੋਟ––– ਪੰਜਾਬ ਸਰਕਾਰ ਵੱਲੋਂ ਸਿਵਿਲ ਹਸਪਤਾਲ ਫਾਜ਼ਿਲਕਾ ਦੇ ਟੀਬੀ ਵਿਭਾਗ ਨੂੰ ਹੈਂਡ ਹੈਲਡ ਏਆਈ ਜਨਰੇਟਿਡ ਐਕਸ-ਰੇ ਮਸ਼ੀਨ ਦੀ ਸਹੂਲਤ ਮਿਲਣਾ ਜ਼ਿਲ੍ਹੇ ਲਈ ਵੱਡੀ ਉਪਲਬਧੀ ਹੈ। ਇਹ ਮਸ਼ੀਨ ਤੁਰੰਤ ਅਤੇ ਉੱਚ ਗੁਣਵੱਤਾ ਵਾਲੇ ਨਤੀਜੇ ਦਿੰਦੀ ਹੈ, ਜਿਸ ਨਾਲ ਟੀਬੀ ਦੀ ਜਲਦੀ ਪਛਾਣ ਸੰਭਵ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਇਹ ਅਧੁਨਿਕ ਮਸ਼ੀਨ ਫਾਜ਼ਿਲਕਾ ਦੇ ਪ੍ਰਾਈਵੇਟ ਸੈਕਟਰ ਵਿੱਚ ਵੀ ਉਪਲਬਧ ਨਹੀਂ ਹੈ। ਇਸ ਸਹੂਲਤ ਨਾਲ ਆਮ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਹੀ ਬਿਹਤਰ ਅਤੇ ਮੁਫ਼ਤ ਜਾਂਚ ਮਿਲੇਗੀ। ਸਿਵਿਲ ਸਰਜਨ ਡਾ. ਕਵਿਤਾ ਸਿੰਘ