ਪੰਕਜ ਮਲਹੋਤਰਾ ਦੀ ਮ੍ਰਿਤਕ ਦੇਹ ਜਲਾਲਾਬਾਦ ਪਹੁੰਚੀ
ਪੰਕਜ ਮਲਹੋਤਰਾ ਦੀ ਮ੍ਰਿਤਕ ਦੇਹ ਜਲਾਲਾਬਾਦ ਪਹੁੰਚੀ, ਇਲਾਕੇ ਵਿੱਚ ਸੋਗ ਦੀ ਲਹਿਰ
Publish Date: Fri, 17 Apr 2026 03:34 PM (IST)
Updated Date: Fri, 17 Apr 2026 03:36 PM (IST)
ਹੈਪੀ ਕਾਠਪਾਲ. ਪੰਜਾਬੀ ਜਾਗਰਣ ਜਲਾਲਾਬਾਦ : ਮਥੁਰਾ-ਵ੍ਰਿੰਦਾਵਨ ਦੀ ਪਵਿੱਤਰ ਧਰਤੀ ’ਤੇ ਦਰਸ਼ਨ ਕਰਨ ਗਏ ਜਲਾਲਾਬਾਦ ਦੇ ਮਲਹੋਤਰਾ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ’ਚ ਬਦਲ ਗਈਆਂ ਜਦੋਂ ਸਟੀਮਬੋਟ ਹਾਦਸੇ ਤੋਂ ਬਾਅਦ ਲਾਪਤਾ ਹੋਏ ਪੰਕਜ ਮਲਹੋਤਰਾ ਦੀ ਲਾਸ਼ ਯਮੁਨਾ ਨਦੀ ’ਚੋਂ ਬਰਾਮਦ ਹੋਈ। ਜਾਣਕਾਰੀ ਅਨੁਸਾਰ ਪੰਕਜ ਮਲਹੋਤਰਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਵਰਿੰਦਾਵਨ ਗਏ ਹੋਏ ਸਨ। ਸਟੀਮਬੋਟ ਵਿੱਚ ਸਫ਼ਰ ਕਰਦੇ ਸਮੇਂ ਅਚਾਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਹ ਲਾਪਤਾ ਹੋ ਗਏ ਸਨ। ਕਈ ਘੰਟਿਆਂ ਦੀ ਤਲਾਸ਼ ਮੁਹਿੰਮ ਤੋਂ ਬਾਅਦ ਰਾਹਤ ਟੀਮਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਯਮੁਨਾ ਨਦੀ ’ਚੋਂ ਬਰਾਮਦ ਕੀਤੀ। ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਜਲਾਲਾਬਾਦ ਲਿਆਂਦਾ ਗਿਆ, ਜਿੱਥੇ ਪਹੁੰਚਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਦਰਦਨਾਕ ਘਟਨਾ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਅੱਖ ਨਮੀ ਹੈ ਅਤੇ ਹਰ ਦਿਲ ਦੁੱਖ ਨਾਲ ਭਰਿਆ ਹੋਇਆ ਹੈ।ਇਸ ਮੌਕੇ ਸ਼ਹਿਰ ਦੀ ਰਾਜਨੀਤਿਕ ,ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ।