ਬਜ਼ੁਰਗਾਂ ਦੇ ਤਜਰਬੇ ਤੇ ਵਿਚਾਰ ਅਨਮੋਲ ਗਹਿਣਾ : ਗਡਵਾਲ
ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਬਜ਼ੁਰਗਾਂ ਅਤੇ ਨੋਜਵਾਨਾ ਦੀ ਆਪਸੀ ਸਾਂਝ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ
Publish Date: Mon, 09 Mar 2026 06:12 PM (IST)
Updated Date: Mon, 09 Mar 2026 06:15 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਬਜੁਰਗਾਂ ਨੂੰ ਮਾਣ-ਸਨਮਾਨ ਦੇਣ ਅਤੇ ਉਨ੍ਹਾਂ ਦੀ ਭਲਾਈ ਹਿੱਤ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਦੀ ਪਹਿਲਕਦਮੀ ਸਦਕਾ 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਜ਼ੁਰਗਾਂ ਅਤੇ ਨੌਜਵਾਨਾਂ ਦੀ ਆਪਸੀ ਸਾਂਝ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਫਾਜ਼ਿਲਕਾ ਦੇ ਐਮ. ਆਰ. ਕਾਲਜ ਵਿਖ਼ੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਤੇ ਨੌਜਵਾਨਾਂ ਵਿਚ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਫਸਰ ਨਵੀਨ ਗਡਵਾਲ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੀ ਬਜ਼ੁਰਗ ਆਬਾਦੀ ਦਾ ਸਨਮਾਨ ਅਤੇ ਸਹਾਇਤਾ ਕਰਨ ਪ੍ਰਤੀ ਸੂਬਾ ਸਰਕਾਰ ਦੀ ਲੋਕ-ਪੱਖੀ ਪਹੁੰਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਮਾਣ ਹਨ ਤੇ ਇਨ੍ਹਾਂ ਦੀ ਭਲਾਈ ਹਿੱਤ ਤੇ ਸੰਭਾਲ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਅਸੀਂ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਤਜਰਬੇ ਤੇ ਵਿਚਾਰ ਸਾਡੇ ਲਈ ਅਨਮੋਲ ਗਹਿਣਾ ਹਨ। ਉਹਨਾਂ ਕਿਹਾ ਕਿ ਇਹ ਮੁਹਿੰਮ ਨੂੰ ਸ਼ੁਰੂ ਕਰਨ ਦਾ ਮਕਸਦ ਹੈ ਕਿ ਅਸੀਂ ਬਜੁਰਗਾਂ ਨੂੰ ਉਚਿਤ ਮਾਨ ਸਨਮਾਨ ਦੇਣ ਦੇ ਨਾਲ-ਨਾਲ, ਸਿਹਤ ਅਤੇ ਹੋਰ ਸਮਾਜਿਕ ਸੁਰੱਖਿਆ ਸੇਵਾਵਾਂ ਪਹਿਲ ਦੇ ਆਧਾਰ ਤੇ ਉਪਲਬਧ ਕਰਵਾਈਏ। ਪ੍ਰੋਗਰਾਮ ਦੌਰਾਨ ਮੁੱਕਤੀ ਵਿਸ਼ੇ ਤੇ ਨਾਟਕ, ਕੁੜੀਆਂ ਦਾ ਗਰੁੱਪ ਡਾਂਸ, ਲੋਕਗੀਤ, ਮਹਿੰਦੀ ਮੁਕਾਬਲਾ, ਡਰਾਇੰਗ ਮੁਕਾਬਲੇ, ਭਾਸ਼ਣ ਮੁਕਾਬਲਾ, ਕਵਿਤਾ ਉਚਾਰਣ, ਮੁਹਾਵਰੇ ਵਾਰਤਾਲਾਪ, ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ ਆੜੀ ਆੜੀ ਫ਼ਾਉਂਡੇਸ਼ਨ ਦੇ ਬਜ਼ੁਰਗ ਮੈਬਰਾਂ ਵੱਲੋਂ ਭੰਗੜੇ ਦੀ ਸ਼ਾਨਦਾਰੀ ਤੇ ਯਾਦਗਾਰੀ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਬਜੁਰਗਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਗੁਰਮੰਦਿਰ ਕੌਰ, ਪ੍ਰੋਫੈਸਰ ਰੇਨੂੰ ਬਾਲਾ, ਇੰਚਾਰਜ ਯੂਥ ਫੈਸਟੀਵਲ ਤੇ ਸਭਿਆਚਾਰਕ ਗਤੀਵਿਧੀਆਂ ਕਮੇਟੀ, ਭੁਪਿੰਦਰ ਉਤਰੇਜਾ ਤੇ ਹੋਰ ਕਾਲਜ ਦਾ ਸਟਾਫ ਤੇ ਪਤਵੰਤੇ ਸੱਜਣ ਮੌਜੂਦ ਸਨ।